Wednesday, November 21, 2012

ਕੁੱਖ ਵਿਚਲੀ ਧੀ ਲਈ:


 ਤੂੰ ਆ ਹਰਿੱਕ ਵਿਹੜੇ ਵਿੱਚ
             ਪੁੰਨਿਆ ਦੀ ਰਾਤ ਬਣ ਕੇ
 ਆਵਣਗੇ ਇਕ ਦਿਨ ਤਾਰੇ
                  ਤੇਰੀ ਬਰਾਤ ਬਣ ਕੇ

  ਤੂੰ  ਖਿੜ ਹਰਿੱਕ ਵਿਹੜੇ  ਵਿੱਚ
            ਸੱਜਰਾ  ਗੁਲਾਬ ਬਣ ਕੇ
ਅੰਮੜੀ ਦੇ ਹਉਕਿਆਂ ਲਈ
             ਹੱਸਦਾ ਜਵਾਬ ਬਣ ਕੇ

ਆ ਵੀਰ ਦੇ ਸਿਹਰੇ ਲਈ
            ਕਿਰਨਾਂ ਦੀ ਤੰਦ ਬਣ ਕੇ
ਆ ਭੈਣ ਲਈ ਸ਼ਗਨਾਂ ਦਾ
           ਕੋਈ ਬਾਜ਼ੂਬੰਦ ਬਣ ਕੇ

ਉੱਡ ਬਾਗ ਵਿੱਚ ਬਾਬਲ ਦੇ
       ਸੱਧਰਾਂ ਦੀ ਤਿਤਲੀ ਬਣਕੇ
 ਜ਼ੁਲਮਾਂ ਦੇ ਬੱਦਲਾਂ'ਚੋਂ
       ਲੰਘ ਜਾਈਂ ਬਿਜਲੀ ਬਣ ਕੇ

ਤੂੰ ਰਾਜ-ਭਾਗ ਮਾਣੇ
          ਖਲਕਤ ਸਵਾਲੀ ਹੋਵੇ
ਹਰ ਘਰ'ਚ ਤੇਰੇ ਵਰਗੀ
      ਕੋਈ ਕਰਮਾਂ ਵਾਲੀ ਹੋਵੇ।

ਜ਼ਿੰਦਗੀ ਦੇ ਸਫਰ ਅੰਦਰ
           ਔਖੀ ਘੜੀ  ਨਾ ਆਵੇ
ਰੱਬ ਤੇਰੀ ਝੋਲੀ  ਦੇ ਵਿੱਚ
           ਖ਼ੁਸ਼ੀਆਂ ਹਜ਼ਾਰਾਂ ਪਾਵੇ







ਸ਼ਾਵਾ ਬਈ ਹੁਣ ਜਾਗੋ ਆਈ ਆ.....

ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.....

ਜਾਗਣ ਤੇਰੇ ਭਾਗ ਬਈ! ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....


ਧੀਆਂ ਮੋਹ ਦੇ  ਦੀਵੇ ਬਾਲੇ
ਅੱਥਰੂ ਤੇਲ ਬਣਾ ਕੇ ਜਾਲੇ
ਸਿਰ'ਤੇ ਚੁੱਕ ਚਾਨਣ ਦੀ ,ਗਾਗਰ ਗਲੀ ਗਲੀ ਰੁਸ਼ਨਾਈ ਆ
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ......

ਧੀਆਂ ਨੇ ਸੁਖ ਤੇਰੀ  ਮੰਗਣੀ
ਪੀੜ ਇਹਨਾਂ ਹੀ ਤੇਰੀ ਵੰਡਣੀ
ਕਿਉਂ ਧੀਆਂ ਦੀਆਂ ਧੌਣਾਂ ਉਤੇ ਆਰੀ ਤੂੰ ਚਲਵਾਈ ਆ ?
ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....

ਭੁੱਲਿਆ ਲੋਕਾ ! ਧਰਮ ਕਮਾ ਲੈ
ਕੰਨਿਆ ਦੇਵੀ ਹਿੱਕ ਨਾਲ ਲਾ ਲੈ
ਕਿਉਂ ਪਾਪਾਂ ਦਾ ਚੋਗਾ ਚੁਗਦੈਂ? ਕਿਉਂ ਮਮਤਾ ਕੁਮਲਾਈ ਆ?
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ

ਸ਼ਹਿਰਾ! ਜਾਗ ਬਈਆ ਹੁਣ ਜਾਗੋ ਆਈ ਆ..
ਬੱਲੇ ਬਈ ਹੁਣ ਜਾਗੋ ਆਈ ਆ.....
ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.।






Tuesday, November 20, 2012

' ਚਿੜੀ ਦੀ ਅੰਬਰ ਵੱਲ ਉਡਾਣ '

                                                             ਗੁਰਮਿੰਦਰ ਸਿੱਧੂ ਦੀਆਂ ਕਿਤਾਬਾਂ ' ਤਾਰਿਆਂ ਦੀ ਛਾਵੇਂ ' 'ਮੱਸਿਆ ਤੇ ਗੁਲਾਬੀ ਲੋਅ', 'ਬੁੱਕਲ ਵਿਚਲੇ ਸੂਰਜ'ਵਿਚਲੀਆਂ ਕਵਿਤਾਵਾਂ ਤੇ ਆਧਾਰਿਤ ਨਾਟਕ ' ਚਿੜੀ ਦੀ ਅੰਬਰ ਵੱਲ ਉਡਾਣ ' ਮਸ਼ਹੂਰ ਸਟੇਜ,ਟੀ.ਵੀ ਤੇ ਫਿਲਮ-ਅਦਾਕਾਰਾ ਅਨੀਤਾ ਸ਼ਬਦੀਸ਼ ਵੱਲੋਂ ਦੇਸ਼-ਵਿਦੇਸ਼ ਦੀਆਂ ਸਟੇਜਾਂ ਉੱਤੇ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਇਹ ਨਾਟਕ ਖੇਡਣ ਦੀ ਪ੍ਰੇਰਨਾ ਪੰਜਾਬੀ ਨਾਟਕ ਦੇ ਯੁਗ-ਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਨੇ ਦਿੱਤੀ ਜਿਸਨੂੰ ਪ੍ਰਸਿੱਧ ਸ਼ਾਇਰ ਸ਼ਬਦੀਸ਼ ਨੇ ਆਪਣੀ ਕਲਪਨਾ ,ਕਾਵਿ ਕਲਾ ਤੇ ਹੁਨਰ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਨਾਟਕੀ ਰੂਪ ਦਿੱਤਾ।ਵੱਖ-ਵੱਖ ਅਖਬਾਰਾਂ ਵਿੱਚ ਛਪਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਇਹ  ਨਾਟਕ ਦੇਖਦਿਆਂ ਅਕਸਰ ਲੋਕਾਂ ਦੀਆਂ ਸਿਸਕੀਆਂ ਸੁਣਦੀਆਂ ਨੇ ਤੇ ਅੰਤ ਤੱਕ ਪਹੁੰਚਦਿਆਂ ਕੁੜੀਆਂ ਨੂੰ ਤਕੜੀਆਂ ਕਰਕੇ ਅੱਤਿਆਚਾਰਾਂ ਨਾਲ ਜੂਝਣ ਦਾ ਜਜ਼ਬਾ ਉਹਨਾਂ ਅੰਦਰ ਪ੍ਰਬਲ ਹੋ ਉੱਠਦਾ ਹੈ
                                         ਦਸੰਬਰ-11 ਤੱਕ ਇਸਦੇ ਕਰੀਬ 82 ਸ਼ੋਅ ਭਾਰਤ ਵਿੱਚ ਤੇ 6 ਸ਼ੋਅ ਇੰਗਲੈਂਡ ਵਿੱਚ ਹੋ ਚੁੱਕੇ ਹਨ।

 

Monday, November 19, 2012

ਹਰਪ੍ਰੀਤ ਟਾਕ-ਸ਼ੋਅ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼


ਜੁਆਇ ਟੀ.ਵੀ ਅਤੇ ਅਕਾਲ ਟੀ.ਵੀ ਦੇ
                            
                                     ' ਹਰਪ੍ਰੀਤ ਟਾਕ-ਸ਼ੋਅ'  ਰਾਹੀਂ
                                       
                                                        ਬੱਚੀਆਂ ਦੀ ਹੱਤਿਆ ਦੇ ਖਿਲਾਫ
                                              
                                                                     ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼

ਧੀ ਦਾ ਜਨਮ



ਕੁੱਖ ਵਿੱਚੋਂ ਇਕ ਕਿਰਨ ਫੁੱਟੀ ਤਾਂ

ਲੋਕੀ ਕਹਿਣ ਹਨ੍ਹੇਰਾ ਹੋਇਐ
ਦਾਦੀ ਆਖੇ, ਪੁੱਤ ਮੇਰੇ ਨਾਲ
ਧੱਕਾ ਬਹੁਤ ਵਡੇਰਾ ਹੋਇਐ

ਧੀ ਨਹੀਂ, ਇਹ ਤਾਂ ਪੱਥਰ ਡਿੱਗਿਐ
ਮੇਰੀ ਕੱਚ ਦੀ ਛੱਤ ਦੇ ਉੱਤੇ
ਮੇਰੇ ਲਾਡਾਂ ਪਾਲੇ ਉੱਤੇ
ਜ਼ੁਲਮ ਵਾਹਿਗੁਰੂ ਤੇਰਾ ਹੋਇਐ

ਭੂਆ ਆਖੇ, ਦਾਜ ਮੇਰੇ  'ਚੋਂ 
ਇਹ ਤਾਂ ਅੱਧ ਵੰਡਾਵਣ ਆਈ
ਵੀਰਾ ਹੱਥ ਖਿਚੂਗਾ ਪਿੱਛੇ
ਜਦ ਖਰਚਣ ਦੀ ਵਾਰੀ ਆਈ

ਚਾਚਾ ਆਖੇ, ਜਦ ਇਹ ਵਿਆਹੀ
ਮੈਨੂੰ ਵੀ ਕੁਝ ਕਰਨਾ ਪੈਣੈਂ
ਲੋਕਲਾਜ ਲਈ,ਸ਼ਰਮੋ-ਸ਼ਰਮੀਂ
ਕੁਝ ਤਾਂ ਹੱਥ 'ਤੇ ਧਰਨਾ ਪੈਣੈਂ

ਜੰਮਣ-ਪੀੜਾਂ ਝੱਲਣ ਵਾਲੀ
ਫਿਕਰਾਂ ਨਾਲ ਨਿਢਾਲ ਪਈ ਹੈ
ਜਗਦੀਆਂ ਬੁਝਦੀਆਂ ਅੱਖਾਂ ਦੇ ਵਿੱਚ
ਲੈ ਕੇ ਇਕ ਸਵਾਲ ਪਈ ਹੈ

ਇਹ ਮੇਰਾ ਆਟੇ ਦਾ ਪੇੜਾ
ਕਾਂ ਚੂਹਿਆਂ ਤੋਂ ਕਿੰਜ ਬਚਾਵਾਂ?
ਹਵਸੀ ਨਜ਼ਰਾਂ ਤੋਂ ਬਚ ਜਾਵੇ
ਕਿਹੜਾ ਰੂਪ-ਪਲੇਥਣ ਲਾਵਾਂ?

ਇਹ ਮੇਰੇ ਆਂਗਣ ਦੀ ਤੁਲਸੀ
ਪਾਣੀ ਦੀ ਥਾਂ ਦੁੱਧ ਪਿਆਵਾਂ
ਇਹ ਕੋਈ ਦੇਵੀ ਭੁੱਲ ਕੇ ਆ'ਗੀ
ਇਹਦੇ ਵਾਰੇ ਵਾਰੇ ਜਾਵਾਂ

ਬਾਪੂ ਸੋਚੇ ਹੁਣ ਤਾਂ ਜਿੰਦੜੀ
ਵਿੱਚ ਗਮਾਂ ਦੇ ਫਸ ਜਾਣੀ ਹੈ
ਦਾਜ ਜੋੜਦਿਆਂ,ਵਰ ਲੋੜਦਿਆਂ
ਉਮਰ ਦੀ ਜੁੱਤੀ ਘਸ ਜਾਣੀ ਹੈ

ਫਿਰ ਵੀ ਦੁੱਖ ਤੋਂ ਬਚ ਜਾਏਗੀ
ਇਹ ਵੀ ਕੋਈ ਪਤਾ ਨਹੀਂ ਹੈ
ਸੁਖ ਦੀ ਮਹਿੰਦੀ ਰਚ ਜਾਏਗੀ
ਇਹ ਵੀ ਕੋਈ ਪਤਾ ਨਹੀਂ ਹੈ

ਮੈਂ ਮਾਲੀ, ਇਹ ਕਲੀ ਹੈ ਮੇਰੀ
ਕੂਲੀ ਰੂੰ ਦੇ ਗੋਹੜੇ ਵਰਗੀ
ਹੁਨਰਾਂ ਨਾਲ ਸਿੰਜੂਗਾ ਇਹਨੂੰ
ਸੋਹਣੀ ਨਿੱਕਲੂ ਲੋਹੜੇ ਵਰਗੀ

ਕੋਈ ਬਦ ਛੋਹ ਸਕੇ ਨਾ ਇਹਨੂੰ
ਬਦਨ 'ਚ ਬਿਜਲੀ ਜੜ ਦੇਵਾਂਗਾ
ਅੜ ਕੇ ਸਭ ਅਧਿਕਾਰ ਲੈ ਲਵੇ
ਏਨੀ ਤਕੜੀ ਕਰ ਦੇਵਾਂਗਾ

ਪਰ ਇਕ ਭੋਲੀ-ਭਾਲੀ ਸੂਰਤ
ਹਰ ਗੱਲ ਤੋਂ ਅਣਜਾਣ ਪਈ ਹੈ
ਨਿੱਕੀਆਂ ਨਿੱਕੀਆਂ ਬੁਲ੍ਹੀਆਂ ਉੱਤੇ
ਮਿੱਠੀ ਜਿਹੀ ਮੁਸਕਾਨ ਪਈ ਹੈ। 



Sunday, November 18, 2012

ਤੇਰੇ ਲਈ ਬਹਾਰਾਂ ਦਾ ਨਗਮਾ ਬਣਾਂਗੀ


ਮੇਰੇ ਜਨਮ 'ਤੇ  ਵੈਣ ਪਾ ਨਾ ਨੀਂ ਮਾਏ !
ਤੇਰੇ  ਲਈ ਬਹਾਰਾਂ  ਦਾ ਨਗਮਾ ਬਣਾਂਗੀ
ਸੀਨੇ ਦਾ  ਪੱਥਰ ਨਾ  ਆਖ ਵੇ ਬਾਬਲ!
ਸੀਨੇ ਲਈ  ਤੇਰੇ  ਮੈਂ  ਤਗਮਾ ਬਣਾਂਗੀ 

ਨਾ ਕੁੱਖ ਦੇ ਵਿੱਚ ਮਾਰੀਂ,ਨਾ ਪਿੱਛੋਂ ਵਿਸਾਰੀਂ
ਵੀਰੇ  ਦੇ  ਵਾਂਗਰ  ਹੀ, ਬਚਪਨ  ਸੁਆਰੀਂ
ਉੱਚੀਆਂ  ਪੜ੍ਹਾਈਆ ਤੇ  ਰੁਤਬੇ ਵੀ ਉੱਚੇ
ਮੈਂ  ਕੋਈ   ਵੱਖਰਾ  ਮੁਜੱਸਮਾ  ਬਣਾਂਗੀ

ਮੈਨੂੰ  ਕਿਰਨ ਬੇਦੀ  ਦਾ ਸਬਕ ਪੜ੍ਹਾ ਦੇ
ਮੱਥੇ  ਦੇ  ਵਿੱਚ  ਕੋਈ  ਦੀਵਾ ਜਗਾ ਦੇ
ਮੋਤੀਆ  ਉੱਤਰੂ   ਮੈਲੀ  ਅੱਖ ਅੰਦਰ
ਮੈਂ  ਕੋਈ   ਐਸਾ   ਕ੍ਰਿਸ਼ਮਾ  ਬਣਾਂਗੀ

ਜਦੋਂ ਸ਼ਾਮਾਂ ਉੱਤਰ ਆਈਆਂ ਥੋਡੇ ਵਿਹੜੇ
ਇਕੱਲਾਂ  ਉਦਾਸੀਆਂ  ਨੇ   ਲਾਏ  ਡੇਰੇ
ਆਊਂਗੀ  ਖੁਸ਼ੀਆਂ  ਦੀ  ਛਣਕਾਰ ਲੈ ਕੇ
ਮੈਂ  ਹਾਸਾ  ਸਗਮੇ ਦਾ ਸਗਮਾ ਬਣਾਂਗੀ

ਮੇਰੇ ਜਨਮ 'ਤੇ  ਵੈਣ ਪਾ ਨਾ ਨੀਂ ਮਾਏ !
ਤੇਰੇ  ਲਈ ਬਹਾਰਾਂ  ਦਾ ਨਗਮਾ ਬਣਾਂਗੀ
ਸੀਨੇ ਦਾ  ਪੱਥਰ ਨਾ  ਆਖ ਵੇ ਬਾਬਲ!
ਸੀਨੇ ਲਈ  ਤੇਰੇ  ਮੈਂ  ਤਗਮਾ ਬਣਾਂਗੀ ।




Friday, November 9, 2012

ਤੁਸੀਂ ਸਾਰੇ ਕਿੱਥੇ ਓ ?

ਤੁਸੀਂ ਸਾਰੇ ਕਿੱਥੇ ਓ ?
                     

ਇੱਕ ਸਿਸਕੀ ਇਹ ਵੀ ਸੁਣੋ!

ਤੁਹਾਡੇ ਘਰ
ਅਗਲੇ ਘਰ
ਜਾਂ ਅਗਲੇਰੇ ਘਰ
ਕੁੱਖ ਦੇ ਅੰਨ੍ਹੇ ਖੂਹ ਵਿੱਚ ਬੈਠੀ
ਇੱਕ ਮਾਸੂਮ ਬੱਚੀ
ਸਹਿਮੀਆਂ ਸਹਿਮੀਆਂ ਨਿਗਾਹਾਂ ਨਾਲ
ਤੱਕ ਰਹੀ ਹੈ ਤੁਹਾਡੇ ਵੱਲ

ਇੱਕ ਨਿੱਕੀ ਜਿਹੀ ' ਪ੍ਰਿੰਸੈਸ '
ਜਿਹਦੇ ਪੀਣ ਲਈ, ਪਾਣੀ ਨਹੀਂ
ਜ਼ਹਿਰ ਦਾ ਡੋਲੂ ਘੱਲਿਆ ਜਾ ਰਿਹੈ

ਦੁੱਧ-ਬਿਸਕੁਟ ਨਹੀਂ
ਮੌਤ ਦੀ ਰੋਟੀ ਭੇਜੀ ਜਾ ਰਹੀ ਹੈ
ਤੇ ਖੋਹੀ ਜਾ ਰਹੀ ਹੈ ਆਕਸੀਜਨ
ਜਿਸਦੇ ਨਿਰਦੋਸ਼ ਸਾਹਾਂ ਵਿੱਚੋਂ

ਕਿਸੇ ਸੁਰੰਗ ਵਿੱਚੋਂ ਵਧ ਰਹੇ ਨੇ
ਦੋ ਵੱਡੇ ਵੱਡੇ ਹੱਥ
ਉਹਦਾ ਗਲਾ ਘੁੱਟਣ ਲਈ

ਤੇ ਉਹ ਨਿੱਕੀ ਜਿਹੀ ਕੁੜੀ
ਜਿਉਣਾ ਚਾਹੁੰਦੀ ਹੈ

ਜ਼ਰਾ ਤੱਕੋ ਤਾਂ ਸਹੀ !
ਸੁਫਨਿਆਂ ਦੀਆਂ ਮਤਾਬੀਆਂ
ਤੇ ਆਸਾਂ ਦੇ ਸਿਤਾਰਿਆਂ ਨਾਲ ਚਮਕਦੀਆਂ
ਉਹਦੀਆਂ ਸਿੱਲ੍ਹੀਆਂ ਸਿੱਲ੍ਹੀਆਂ ਅੱਖਾਂ

ਉਹ ਤੁਹਾਨੂੰ ਹੀ ਉਡੀਕ ਰਹੀ ਹੈ
ਤੇ ਤੁਸੀਂ ਸਾਰੇ ਕਿੱਥੇ ਓ?
ਕਿੱਥੇ ਓ ?





Thursday, November 8, 2012

Na ! Mummy Na !: ਪ੍ਰਸਿੱਧ ਗਾਇਕ ਕੇਵਲ ਮਾਣਕਪੁਰੀ ਕਿਤਾਬ' ਨਾ!ਮੰਮੀ ਨਾ'ਵਿੱਚੋ...

Na ! Mummy Na !: ਪ੍ਰਸਿੱਧ ਗਾਇਕ ਕੇਵਲ ਮਾਣਕਪੁਰੀ ਕਿਤਾਬ' ਨਾ!ਮੰਮੀ ਨਾ'ਵਿੱਚੋ...: ਸੋਨੇ ਦੀ ਇੱਟ ਬਾਬਲਾ !         ਤੇਰੇ ਹੱਥ ਫੈਸਲੇ ਦਿੱਤੇ               ਏਡੇ ਜ਼ੁਲਮ ਨਾ ਲਿਖ ਬਾਬਲਾ ! ਇਹ ਸੁਗਾਤਾਂ ਰੱਬ ਦਿੱਤੀਆਂ              ਮਾਏ! ਤੇਰਾ ...

Wednesday, November 7, 2012

ਕੰਨਿਆ ਭਰੂਣ-ਹੱਤਿਆ-ਰੋਕਣ ਲਈ ਵੱਖ-ਵੱਖ ਤਰ੍ਹਾਂ ਦੀਆਂ ਰਚਨਾਵਾਂ ਵਾਲੀ ਕਿਤਾਬ * ਨਾ!ਮੰਮੀ ਨਾ * ਦਾ ਰਿਲੀਜ਼ ਸਮਾਰੋਹ




   ਮੁਹੱਬਤ ਧਰਤ ,ਕੰਧਾਂ ,ਤੇ ਮੁਹਬਤ ਦੀ ਹੀ ਛੱਤ ਦੇਣੀ
ਕਿਸੇ ਨਹੀਂ ਵਾਂਗਰਾਂ ਤੇਰੇ ਵਫਾ ਨੂੰ ਵਰਤਿਆ ਹੋਣਾ
                                  ਧੀਆਂ ਨੂੰ ਬਚਾਉਣ ਦੀ ਮੁਹਿੰਮ ਵਿੱਚ ਹਰ ਕਦਮ 'ਤੇ ਮੇਰਾ ਸਾਥ ਦੇਣ ਵਾਲੇ, ਮੇਰੇ ਪ੍ਰੇਰਨਾ-ਸਰੋਤ, ਮੈਨੂੰ ਉਤਸ਼ਾਹ ਦੇਣ ਵਾਲੇ ,ਮੇਰੇ ਜੀਵਨ-ਸਾਥੀ ਡਾ: ਬਲਦੇਵ ਸਿੰਘ ਖਹਿਰਾ ,
                                                           ਮੇਰਾ ਬੇਟਾ ਰਿਸ਼ਮਦੀਪ , ਬੇਟੀ ਦਿਲਦੀਪ ਤੇ ਪਰਿਵਾਰ ਦੇ ਹੋਰ ਮੈਂਬਰ
ਆਈਆਂ ਸ਼ਖਸ਼ੀਅਤਾਂ ਦਾ ਫੁੱਲਾਂ ਨਾਲ ਸਵਾਗਤ ਕਰਦੇ ਹੋਏ



Monday, November 5, 2012

ਇਸ ਕਿਤਾਬ ਨੂੰ ਲੋਕ-ਅਰਪਣ ਕਰਨ ਦਾ ਪਹਿਲਾ ਸ਼ਗਨ ਡਾ: ਬਲਦੇਵ ਸਿੰਘ ਵਲੋਂ:

ਮੇਰੇ ਜੀਵਨ-ਸਾਥੀ ਡਾ: ਬਲਦੇਵ ਸਿੰਘ ਖਹਿਰਾ,ਜਿਹਨਾਂ ਨੇ1988 ਵਿੱਚ ਇਸ ਸਮਾਜਿਕ ਬੁਰਾਈ/ਇਸ ਅਣਮਨੁੱਖੀ ਵਤੀਰੇ  ਦੀ ਕਨਸੋਅ ਮਿਲਦਿਆਂ ਹੀ ਇਸਨੂੰ ਖਤਮ ਕਰਨ ਲਈ ਮੈਨੂੰ ਲਿਖਣ ਦੀ ਪ੍ਰੇਰਨਾ ਦਿੱਤੀ,ਤੇ ਫਿਰ ਇਸ ਮੁਹਿੰਮ ਵਿੱਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ..ਕਿ ਅਸੀਂ ਦੋਵੇਂ ਹੁਣ ਤੱਕ ਹੋਰ ਸਾਥੀਆਂ ਨਾਲ ਮਿਲ ਕੇ ਕੁਝ ਨਾ ਕੁਝ ਕਰ ਸਕੇ ਹਾਂ,ਭਾਵੇਂ ਗਿਣਤੀ ਦੀਆਂ ਹੀ ਸਹੀ,ਪਰ ਕੁਝ ਬੱਚੀਆਂ ਬਚਾ ਸਕੇ ਹਾਂ, ਲੋਕਾਂ ਨੂੰ ਧੀਆਂ ਦੀ ਕਦਰ ਕਰਨ ਲਈ ਪਰੇਰ ਸਕੇ ਹਾਂ,ਤੇ ਅਜੇ ਵੀ ਆਪਣੀ ਸਮਰੱਥਾ ਅਨੁਸਾਰ ਗਤੀਸ਼ੀਲ ਹਾਂ:


ਇਸ ਕਿਤਾਬ ਨੂੰ ਲੋਕ-ਅਰਪਣ ਕਰਨ ਦਾ ਪਹਿਲਾ ਸ਼ਗਨ ਡਾ: ਬਲਦੇਵ ਸਿੰਘ ਵਲੋਂ:


 

ਕਿਤਾਬ *ਨਾ!ਮੰਮੀ ਨਾ* ਦਾ ਰਿਲੀਜ਼ ਸਮਾਰੋਹ ਬੜੇ ਹੀ ਭਰਵੇਂ ਇਕੱਠ ਵਿੱਚ ਹੋਇਆ


                 25 ਅਪ੍ਰੈਲ 2004 ਨੂੰ ਗੁਰਮਖ ਸਿੰਘ ਮੁਸਾਫਿਰ ਆਡੀਟੋਰੀਅਮ ਵਿਖੇ ਕਿਤਾਬ *ਨਾ!ਮੰਮੀ ਨਾ*  ਦਾ ਰਿਲੀਜ਼ ਸਮਾਰੋਹ ਬੜੇ ਹੀ ਭਰਵੇਂ ਇਕੱਠ ਵਿੱਚ ਹੋਇਆ। ਦੂਰ ਦੂਰ ਤੋਂ ਸਾਹਿਤਕਾਰ ਅਤੇ ਵਲੰਟਰੀ ਸੰਸਥਾਵਾਂ ਦੇ  ਮੈਂਬਰ ਪਹੁੰਚੇ ਹੋਏ ਹੋਏ ਸਨ ।
                 ਸਭ  ਤੋਂ ਪਹਿਲਾਂ  ਡਾ: ਦਿਲਦੀਪ   ਅਤੇ ਰਮਨਦੀਪ ਚੱਠਾ ਨੇ ਭਰੂਣ ਹੱਤਿਆ ਨਾਲ ਸਬੰਧਤ ਬੜੇ ਹੀ ਦਿਲ ਟੁੰਬਵੇਂ ਗੀਤ ਗਾ ਕੇ ਮਾਹੌਲ ਸਿਰਜ ਦਿੱਤਾ।ਇਸ ਕਿਤਾਬ ਦੀ ਪਰੇਰਨਾ ਸਰੋਤ ਡਾ ਰਮਾ ਰਤਨ ਅਤੇ  ਡਾ: ਬਲਦੇਵ ਸਿੰਘ ਖਹਿਰਾ ਨੇ ਇਹ ਕਿਤਾਬ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੂੰ ਪੇਸ਼ ਕੀਤੀ। ਜਿਵੇਂ ਹੀ ਡੀ ਸੀ ਸਾਹਿਬ ਨੇ ਇਹ ਕਿਤਾਬ ਰਿਲੀਜ਼ ਕਰ ਕੇ ਸਭ ਦੇ ਸਨਮੁਖ ਕੀਤੀ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਇਸ ਰਸਮ ਵੇਲੇ ਉਹਨਾਂ ਦੇ ਨਾਲ ਸਾਬਕਾ ਮੇਅਰ ਤੇ ਪ੍ਰਧਾਨ ਸਿੱਖ ਨਾਰੀ ਮੰਚ ਸ੍ਰੀ ਮਤੀ ਹਰਜਿੰਦਰ ਕੌਰ, ਉੱਘੇ ਨਾਟਕਕਾਰ  ਡਾ: ਹਰਚਰਨ ਸਿੰਘ ,ਆਕਾਸ਼ਬਾਣੀ ਚੰਡੀਗੜ੍ਹ ਦੇ ਡਾਇਰੈਕਟਰ ਸ੍ਰੀ ਐਸ.ਕੇ.ਦੂਬੇ   ਤੇ ਡਾ:ਰਮਾ ਰਤਨ ਸ਼ਾਮਿਲ ਸਨ।
                   ਡਾ:ਗੁਰਮਿੰਦਰ ਸਿੱਧੂ ਨੇ ਇਸ ਤੇ ਅਧਾਰਿਤ ਗੀਤ 'ਮੈਨੂੰ ਨਾ ਤੂੰ ਮਾਰੀਂ ਮਾਂ !ਹਾੜ੍ਹਾ ਨਾ ਵਿਸਾਰੀਂ ਮਾਂ ਟੇਪ ਰਿਕਾਰਡਰ ਤੋਂ ਸੁਣਾਇਆ ਤਾਂ ਸਭ ਦੀਆਂ ਅੱਖਾਂ ਪੁਰਨਮ ਹੋ ਗਈਆਂ। ਪ੍ਰਸਿੱਧ ਸ਼ਾਇਰ ਅਤੇ ਬਾਲ-ਸਾਹਿਤ ਲੇਖਕ   ਸ: ਮਨਮੋਹਨ ਸਿੰਘ ਦਾਊਂ ਨੇ ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਇਸ ਵਿੱਚ ਲੱਗੀਆਂ ਲੇਖਕਾਂ  ਪਾਠਕਾਂ ,ਡਾਕਟਰਾਂ  ਦੀਆਂ  ਚਿੱਠੀਆਂ ਤੋਂ ਪਤਾ  ਲੱਗਦਾ ਹੈ ਕਿ  ਇਸ  ਕਿਤਾਬ  ਨੇ ਕਿੰਨੇ ਦਿਲਾਂ ਵਿੱਚ ਚੇਤਨਾ ਜਗਾਈ ਹੈ ।
              ਉੱਘੇ ਗਾਇਕਾਂ  ਕੇਵਲ ਮਾਣਕਪੁਰੀ,ਨਿਰਮਲ ਮਾਣਕ, ਗੁਰਿੰਦਰ ਰਿੰਕੂ ਤੇ ਸ਼ਾਇਰਾ ਤਾਰਨ ਗੁਜਰਾਲ ਨੇ ਇਸੇ ਕਿਤਾਬ ਵਿਚੋਂ ਗੀਤ ਸੁਣਾ ਕੇ ਸਰੋਤਿਆਂ ਦੀ ਭਰਵੀਂ ਦਾਦ ਲਈ।
            ਵਿਗਿਆਨਕ ਆਧਾਰ 'ਤੇ ਲੇਖ ਲਿਖਕੇ ਲੋਕ-ਚੇਤਨਾ ਜਗਾਉਣ ਵਾਲੇ ਪ੍ਰਸਿੱਧ ਲੇਖਕ ਡਾ: ਹਰਚੰਦ ਸਿੰਘ ਸਰਹਿੰਦੀ ਨੇ ਇਸ ਨੂੰ ਸ਼ਾਹਕਾਰ ਦੱਸਦਿਆਂ ਕਿਹਾ  ਕਿ ਇਹ ਕਿਤਾਬ*ਨਾ!ਮੰਮੀ ਨਾ* ਘਰ ਘਰ ਜਾਣੀ ਚਾਹੀਦੀ ਹੈ ਅਤੇ ਇਸ ਵਿੱਚ ਸ਼ਾਮਿਲ ਬੋਲੀਆਂ, ਗਿੱਧਾ, ਜਾਗੋ, ਨਾਟਕ ਆਦਿ ਪ੍ਰਸਤੁਤ ਕਰਕੇ ਸਕੂਲਾਂ ਕਾਲਜਾਂ ਤੇ ਹੋਰ ਅਦਾਰਿਆਂ ਨੂੰ ਭਰੂਣ ਹੱਤਿਆ ਖਿਲਾਫ ਜੂਝਣਾ ਚਾਹੀਦਾ ਹੈ।ਡਾ: ਗੁਰਮਿੰਦਰ ਸਿੱਧੂ ਨੇ ਇਸ ਕਿਤਾਬ ਦੇ ਬੜੇ ਹੀ ਭਾਵ-ਪੂਰਤ ਸਫੇ ਪੜ੍ਹਦਿਆਂ ਇੱਕ ਵਾਰ ਫਿਰ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।
           ਸ੍ਰੀ ਐਸ.ਕੇ .ਦੂਬੇ ਨੇ ਕਿਤਾਬ ਦੀ ਗੈਟ-ਅਪ ਤੇ ਪੇਸ਼ਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਡਾ: ਹਰਚਰਨ ਸਿੰਘ ਨੇ ਲੇਖਿਕਾ ਨੂੰ ਭਰਵੀਂ ਸ਼ਾਬਾਸ਼ ਦਿੱਤੀ।
          ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੇ ਕਿਹਾ ਕਿ ਡਾ: ਬਲਦੇਵ ਸਿੰਘ ਤੇ ਡਾ: ਗੁਰਮਿੰਦਰ ਸਿੱਧੂ ਸਹੀ ਅਰਥਾਂ ਵਿੱਚ ਇਸ ਕਿੱਤੇ ਲਈ ਤੇ ਮਨੁੱਖਤਾ ਲਈ ਮਿਸਾਲ ਹਨ। ਉਹਨਾਂ ਨੇ ਇਹ ਕਿਤਾਬ ਹੋਰ ਸੰਸਥਾਵਾਂ ਵਿੱਚ ਪਹੁੰਚਾਉਣ ਦੀ ਜ਼ਰੂਰਤ ਬਾਰੇ ਕਿਹਾ ਤੇ ਇਸ ਸਬੰਧੀ ਉਪਰਾਲੇ ਕਰਨ ਦਾ ਵਾਅਦਾ ਕਰਨ ਦਾ ਵਾਅਦਾ ਕੀਤਾ।
        ਸਾਬਕਾ ਮੇਅਰ ਸ੍ਰੀ ਮਤੀ ਹਰਜਿੰਦਰ ਕੌਰ ਨੇ ਕਿਹਾ ਕਿ ਡਾ: ਗੁਰੰਮੰਦਰ ਸਿੱਧੂ ਨੇ ਮਾਈ ਭਾਗੋ ਵਾਂਗ ਫਰਜ਼ ਅਦਾ ਕਰਕੇ ਆਪਾਂ ਸਾਰਿਆਂ ਨੂੰ ਸੁਚੇਤ ਕੀਤਾ ਹੈ ,ਇਹ ਕਿਤਾਬ ਸਾਰਿਆਂ ਨੂੰ ਖਰੀਦ ਕੇ ਪੜ੍ਹਨੀ ਚਾਹੀਦੀ ਹੈ ਅਤੇ ਡੀ ਪੀ ਆਈ ਵੱਲੋਂ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ।


        

'ਸਾਰੰਗ ਲੋਕ' ਦੀ ਡਾਇਰੈਕਟਰ ਅਤੇ ਕਰਤਾ-ਧਰਤਾ ਡਾ : ਰਮਾ ਰਤਨ


ਬਾਲਾਂ ਦੇ ਸਮੁੱਚੇ ਵਿਕਾਸ ਲਈ ਪੂਰੀ ਸ਼ਿੱਦਤ ਅਤੇ ਲਗਨ ਨਾਲ ਗਤੀਸ਼ੀਲ ,'ਸਾਰੰਗ ਲੋਕ' ਦੀ ਕਰਤਾ-ਧਰਤਾ  ਡਾ : ਰਮਾ ਰਤਨ ਨੇ ਇਸ ਕਿਤਾਬ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ,

" ਇਹ ਤਾਂ ਹਰ ਨਵੇਂ ਵਿਆਹੇ ਜੋੜੇ ਨੂੰ ਤੋਹਫੇ ਵਜੋਂ ਦਿੱਤੀ ਜਾਣੀ ਚਾਹੀਦੀ ਹੈ "

ਡਾ : ਰਮਾ ਰਤਨ ਕੰਨਿਆ-ਭਰੂਣ ਹੱਤਿਆ ਅਤੇ ਪੁਸਤਕ ਬਾਰੇ ਆਪਣੇ ਪ੍ਰਭਾਵ  ਦਿੰਦੇ ਹੋਏ :


Sunday, November 4, 2012

ਕਣਕਾਂ ਲੰਮੀਆਂ ਧੀਆਂ ਕਿਉਂ ਨਾ ਜੰਮੀਆਂ ਨੀਂ ਮਾਏ ?

               ਕਿਤਾਬ *ਨਾ!ਮੰਮੀ ਨਾ* ਵਿੱਚੋਂ ਇੱਕ ਚੈਪਟਰ :               
ਇਉਂ ਤਾਂ ਨਹੀਂ ਕਿ ਅਸੀਂ ਚੱਤੋ ਪਹਿਰ ਇਸੇ ਦੁਖਾਂਤ ਬਾਰੇ ਹੀ ਸੋਚਦੇ ਹਾਂ ਜਾਂ ਅਜੇਹਾ ਕੁਝ ਹੀ ਕਰਦੇ ਰਹਿੰਦੇ ਹਾਂ।ਜ਼ਿੰਦਗੀ ਨਿੱਜੀ ਤੌਰ 'ਤੇ ਸਾਡੇ ਉੱਤੇ ਬੇਹੱਦ ਮਿਹਰਬਾਨ ਹੈ,ਇਸ ਨੂੰ ਸ਼ਿੱਦਤ ਨਾਲ ਜਿਉਂਦੇ ਹਾਂ,ਬਹੁਤ ਕੁਝ ਹੋਰ ਪੜ੍ਹਦੇ ਲਿਖਦੇ ਹਾਂ, ਰੰਗੀਂ ਵਸਦੇ ਹਾਂ।ਪਰ ਕਦੇ ਕਦੇ ਕੋਈ ਪਲ ,ਕੋਈ ਬਿੰਦ, ਉਦਾਸੀਆਂ ਦੀ ਮਕਾਣ ਲੈ ਆਉਂਦੈ,ਸਾਰੇ ਹੀ ਰੰਗ ਫਿੱਕੇ ਪੈ ਜਾਂਦੇ ਨੇ।ਅੱਜ ਇਹੋ ਜਿਹੀ ਹੀ ਪ੍ਰਭਾਤ ਸੀ।ਮੋਹਾਲੀ ਦੀ ਇੱਕ ਰੂੜੀ ਵਿੱਚੋਂ ਕਿਸੇ ਬੱਚੀ ਦੀ ਸੁੰਡੀਆਂ ਪਈ ਲੋਥ ਲੱਭੀ ਸੀ।ਹਿੰਦੀ ਦੇ ਅਖਬਾਰ' ਦੈਨਿਕ ਭਾਸਕਰ 'ਵਿੱਚ ਲੱਗੀ ਉਹਦੀ ਰੰਗਦਾਰ ਤਸਵੀਰ ਨੇ ਮੇਰੀ ਬਿਸਤਰ-ਚਾਹ ਕੌੜੀ ਕੁਸੈਲੀ ਕਰ ਦਿੱਤੀ।ਹੋਰ ਸਫ਼ੇ ਪਰਤੇ.. ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਕੂੜੇਦਾਨ ਵਿਚੋਂ ਇੱਕ ਹੋਰ ਕੰਨਿਆ ਭਰੂਣ ਮਿਲਿਆ ਸੀ।ਉਹਨੂੰ ਦੇਖਦਿਆਂ ਹੀ ਸੜੂਕੀ ਗਈ ਚਾਹ ਬਾਹਰ ਨੂੰ ਆਉਣ ਲੱਗੀ।ਬੱਸ ਜਿਵੇਂ ਐਤਵਾਰ ਨੂੰ ਗ੍ਰਹਿਣ ਲੱਗ ਗਿਆ।ਕਿੰਨੀ ਦੇਰ ਪਲੰਘ ਤੋਂ ਉੱਠ ਹੀ ਨਾ ਹੋਇਆ।ਬਲਦੇਵ ਮੱਥੇ ਨੂੰ ਮਲਦਾ ਏਧਰ ੳਧਰ ਤੁਰ ਫਿਰ ਰਿਹਾ ਸੀ।ਮੈਂ  ਚਿੱਤ ਹੋਰ ਪਾਸੇ ਪਾਉਣ ਲਈ ਪੰਜਾਬੀ ਲੋਕ ਗਾਇਕੀ ਦੀ ਰੂਹੇ ਰਵਾਂ,ਸੁਰਿੰਦਰ ਕੌਰ ਦੀ ਕੈਸੇਟ ਲਗਾ ਦਿੱਤੀ।ਦਹਾਕਿਆਂ ਤੋਂ ਦਿਲਾਂ ਉੱਤੇ ਬਾਦਸ਼ਾਹਤ ਕਰ ਰਹੀ 'ਪੰਜਾਬ ਦੀ ਕੋਇਲ' ਹਮੇਸ਼ਾ ਇਹੋ ਜਿਹੇ ਤਿਰਹਾਏ ਪਲਾਂ ਵਿੱਚ ਮੇਰੇ ਲਈ ਰੂਹ-ਆਫਜ਼ਾ ਬਣਦੀ ਹੈ :
                        ਜੁੱਤੀ ਕਸੂਰੀ ਪੈਰੀਂ ਨਾ ਪੂਰੀ
                        ਹਾਇ ਰੱਬਾ ਵੇ ਸਾਨੂੰ ਟੁਰਨਾ ਪਿਆ
                        ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ
                        ੳਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ....ਹਾਇ ਰੱਬਾ ਵੇ!....

      ਇਹ ਸੁਰਿੰਦਰ ਕੌਰ ਗਾ ਰਹੀ ਸੀ ਕਿ ਉਹ ਕੁੜੀ ਜਿਹਨੂੰ ਰੂੜੀ ਵਿੱਚ ਦੱਬ ਕੇ ਪਿੱਛੇ ਵੱਲ ਮੋੜ ਦਿੱਤਾ ਗਿਆ ਸੀ?
                     ਅਜੀਬ ਪਾਗਲ ਹਾਂ ਮੈਂ ਵੀ! ਉੱਠ ਕੇ ਸੈਰ ਕਰਨ ਚਲੀ ਗਈ। ਰੋਜ਼ ਗਾਰਡਨ ਵਿੱਚ ਖਿੜੇ ਰੰਗ ਬਿਰੰਗੇ ਗੁਲਾਬਾਂ ਨੇ ਮੂੰਹ ਵਿੱਚ ਘੁਲੀ ਕੁਨੀਨ ਨੂੰ ਗੁਲਕੰਦ ਬਣਾ ਦਿੱਤਾ,ਮਹਿਕੀ ਹਵਾ ਵਿੱਚ ਲਹਿਰਦੀ ਗੁਰਬਾਣੀ  ਨੇ ਉਖੜਦੇ ਸਾਹਾਂ ਨੂੰ ਰਬਾਬ ਕਰ ਦਿੱਤਾ।
                           ਘਰ ਪਰਤੀ ਤਾਂ ਬਲਦੇਵ ਵੀ  ਸਹਿਜ ਹੋ ਕੇ ਆਮ ਵਾਂਗ ਵਰਜਿਸ਼ ਕਰ ਰਿਹਾ ਸੀ। ਕਨਸਾਂ 'ਤੇ ਪਏ ਮੋਮੈਂਟੋ ,ਫੋਟੋਆਂ ਅਤੇ ਹੋਰ ਸਜਾਵਟੀ ਸਮਾਨ ਨੂੰ ਝਾੜਦਿਆਂ ਪੂੰਝਦਿਆਂ ਮੈਂ ਟੇਪ ਦਾ ਬਟਨ ਫਿਰ ਤੋਂ ਦੱਬ ਦਿੱਤਾ।ਸੰਗੀਤ ਆਪਣਾ ਜਾਦੂ ਦਿਖਾਉਣ ਲੱਗਿਆ,ਰੌਣਕ ਸਾਡੇ ਘਰ ਦੀਆਂ ਪੌੜੀਆਂ ਉਤਰਨ ਲੱਗੀ। ਗੀਤਾਂ ਦੀ ਇੱਕ ਹੋਰ ਪਟਰਾਣੀ ਪਰਕਾਸ਼ ਕੌਰ ਦੇ ਵੰਝਲੀ ਵਰਗੇ ਬੋਲ ਛਣਕ ਪਏ,
                                 ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ.......
                                                  ਅਚਾਨਕ ਰਵਾਂ-ਰਵੀਂ ਚਲਦੇਂ ਚਰਖੇ ਦੀ ਹੱਥੀ ਛੁੱਟ ਗਈ,ਪੁੱਠਾ ਗੇੜਾ ਆ ਗਿਆ।
                    ਛਮ ਛਮ ਕਰਕੇ ਬੁਲਾਉਂਦੀਆਂ ਝਾਂਜਰਾਂ ਤਾਂ ਕਦੋਂ ਦੀਆਂ ਚਲੀਆਂ ਗਈਆਂ
                                                              .......... ਹੁਣ ਤਾਂ ਗੋਰੀਆਂ ਵੀ ਜਾ ਰਹੀਐਂ
 ਭੈਣਾਂ ਦੀ ਜੋੜੀ ਨੇ ਸਾਂਝੇ ਗੀਤ ਦੀ ਤੰਦ ਕੱਤੀ ਹੈ :
                    ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ....
                               ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀਂ......
                                                        ਅਚਾਨਕ ਮੇਰੇ ਅੰਦਰੋਂ ਕੋਈ ਚੀਕ ਪਿਐ,
                   ਨੀਂ ਮੁਟਿਆਰੇ ! ਤੇਰਾ ਇਹ ਕੰਡੜਾ ਕਿਸੇ ਭਾਬੋ ਨੇ ਨਹੀਂ ਕੱਢਣਾ,
                    ਕਿਸੇ ਵੀਰ ਨੇ ਤੇਰੀ ਪੀੜ ਨਹੀਂ ਸਹਿਣੀ..ਇਹ ਤਾਂ ਤੈਨੂੰ ਆਪ ਈ....
  ਮੈਂ ਆਪਣੀ ਮਨੋ-ਸਥਿਤੀ'ਤੇ ਝੁੰਜਲਾ ਰਹੀ ਹਾਂ। ਠੀਕ ਹੀ ਤਾਂ ਕਿਹੈ ਕਿਸੇ ਨੇ,
 ਹਰਾ ਚਸ਼ਮਾ ਲਾ ਲਓ ਤਾਂ ਸਭ ਹਰਾ ਦਿਸਦੈ,ਪੀਲਾ ਲਾ ਲਓ ਤਾਂ ਸਭ ਪੀਲਾ
                ਅੱਜ ਕਿਹੋ ਜਿਹਾ ਚਸ਼ਮਾ ਲੱਗ ਗਿਆ ਹੈ ਮੇਰੇ ਕਿ ਅਰਥਾਂ ਦੇ ਅਨੱਰਥ ਹੋਣ ਲੱਗ ਪਏ ਨੇ ।
ਮਾਵਾਂ'ਤੇ ਧੀਆਂ ਰਲ ਬੈਠੀਆਂ ਨੀਂ ਮਾਏ ! ਕੋਈ ਕਰਦੀਆਂ ਗੱਲੋੜੀਆਂ
                   ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀਂ ਮਾਏ....?
                   .................................................
                  ਨਹੀਂ ਨਹੀਂ ਆਖੋ... 'ਧੀਆਂ ਕਿਉਂ ਨਾ ਜੰਮੀਆਂ ਨੀਂ ਮਾਏ ?
                                     ਮੈਂ ਸਟੀਰੀਓ ਬੰਦ ਕਰ ਦਿੱਤੈ।ਪਰ ਗੀਤ ਤਾਂ ਅਜੇ ਵੀ ਵੱਜੀ ਜਾ ਰਿਹੈ।
ਮੈਂ ਬੌਂਦਲ ਕੇ ਕੋਠੇ ਚੜ੍ਹ ਆਈ ਹਾਂ,ਗੀਤ ਮੇਰੇ ਪਿੱਛੇ ਪਿੱਛੇ ਪੌੜੀਆਂ ਚੜ੍ਹ ਆਇਐ, ਮੈਂ ਚੁਬਾਰੇ'ਚ ਵੜ ਗਈ ਹਾਂ,ਇਹ ਕਿਸੇ ਨੁੱਕਰ ਵਿੱਚ ਖੜੋ ਕੇ ਲਿਬਾਸ ਬਦਲਣ ਲੱਗਿਐ,ਮੈਂ ਡਾਇਰੀ ਖੋਲ੍ਹੀ ਹੈ,ਇਹ ਵਿਛੌਣੇ ਵਾਂਗ ਉਹਦੇ ਤੇ ਵਿਛ ਗਿਐ। ਹੋਣੀਆਂ ਦਾ ਇਹ ਕੇਹਾ ਛਡਿਅੰਤਰ ਹੈ?ਜਿਹੜਾ ਗੀਤ ਮੇਰੇ ਭਟਕੇ ਚਿੱਤ ਨੂੰ ਥਾਂ ਟਿਕਾਣੇ ਲਿਆਉਂਦਾ ਸੀ,ਬੁੱਜ ਹੋਏ ਕੰਨਾਂ ਵਿੱਚ ਜਲਤਰੰਗ ਵਜਾਉਂਦਾ ਸੀ,ਉਹੀ ਮੇਰੀ ਡਾਇਰੀ ਤੇ ਅੱਜ ਹੋਰੂੰ ਹੋਰੂੰ ਜਿਹਾ ਹੋਇਆ ਪਿਐ

ਮਾਂਵਾਂ 'ਤੇ ਧੀਆਂ ਰਲ ਬੈਠੀਆਂ ਨੀਂ ਮਾਏ !

    ਮਾਂਵਾਂ 'ਤੇ ਧੀਆਂ ਰਲ ਬੈਠੀਆਂ ਨੀਂ ਮਾਏ ! ਕੋਈ ਕਰਦੀਆਂ ਗੱਲੋੜੀਆਂ
   ਬੈਠੀਆਂ ਤਾਂ ਬੈਠੀਆਂ ਜਾ ਉੱਚੜੇ ਚੁਬਾਰੇ ਲੈ ਕੇ ਦਿਲ ਦੀਆਂ ਗੱਲੋੜੀਆਂ
    ਨੀਂ ਕਣਕਾਂ ਲੰਮੀਆਂ ਧੀਆਂ ਕਿਉਂ ਨਾ ਜੰਮੀਆਂ  ਨੀਂ ਮਾਏ ?
   ਧੀ:   ਦੂਰੋਂ 'ਤੇ   ਆਈ   ਸਾਂ   ਚੱਲਕੇ   ਨੀਂ  ਮਾਏ !
           ਤੇਰੇ ਦਰ ਉੱਤੇ ਰਹੀ ਆਂ ਖੜੋ
           ਭਿੱਛਿਆ'ਚ ਪਾ ਦੇ ਸਾਨੂੰ! ਇੱਕ ਲੱਪ ਲੋਰੀਆਂ ਦੀ
           ਬਾਰ ਨਾ ਸੁਗੰਧੀਆਂ ਤੋਂ ਢੋਅ
           ਨੀਂ ਕਣਕਾਂ ਹਰੀਆਂ  ਮਾਂਵਾਂ ਕਿਉਂ  ਡਰੀਆਂ ਨੀ ਮਾਏ ?........
   
 ਮਾਂ:   ਜੱਗ ਮੈਲਾ ਕਰ ਦਿੰਦੈ ਧੀਏ ਨੀਂ ਸੁਗੰਧੀਆਂ ਨੂੰ
          ਇੱਜ਼ਤਾਂ ਦੀ ਚੁੰਨੀ ਦਿੰਦੈ ਪਾੜ
          ਏਧਰੋਂ  ਜੇ   ਬਚੇ  ਕੌਡੇ-ਰਾਖਸ਼ਾਂ ਜਹੇ   ਸਹੁਰੇ
          ਪੀਂਦੇ ਮਾਪਿਆਂ ਦਾ ਲਹੂ ਕਾੜ੍ਹ ਕਾੜ੍ਹ
          ਨੀਂ ਕਣਕਾਂ ਪੱਕੀਆਂ ਧੀਆਂ ਤਾਂਹੀਓਂ ਧੱਕੀਆਂ ਨੀਂ ਧੀਏ ! ........

 ਧੀ:    ਵਿਦਿੱਆ ਦੇ ਗਹਿਣੇ ਪਾ, ਦੇ ਹੁਨਰਾਂ ਦਾ ਸਾਲੂ
          ਪਾਵਾਂ ਕੀਲ ਕੇ ਪਟਾਰੀ ਵਿੱਚ ਨਾਗ
          ਗਾਤਰਾ ਸਜਾ ਦੇ ਹੱਕੀ ਸੱਚੀ ਸ਼ਮਸ਼ੀਰ ਵਾਲਾ
          ਫੇਰ  ਦੇਖੀਂ  ਲਾਡਲੀ  ਦੇ  ਭਾਗ
         ਨੀਂ ਕਣਕਾਂ ਨਿੱਸਰੀਆਂ ਧੀਆਂ ਦੇਖੀਂ ਨਿੱਖਰੀਆਂ  ਮਾਏ.!.......
  
 ਦੋਵੇਂ:  ਮਾਂਵਾਂ  'ਤੇ   ਧੀਆਂ  ਦੀ  ਦੋਸਤੀ  ਵੇ  ਲੋਕੋ !
         ਨਾ  ਤੋੜਿਓ  ਵੇ! ਜ਼ਹਿਰਾਂ ਦੇ  ਨਾਲ
         ਮਾਂਵਾਂ  ਕਦੋਂ  ਚਾਹੁੰਦੀਆਂ  ਨੇ ਕੁੱਖਾਂ ਦਾ ਕਤਲ
         ਉਹ ਤਾਂ ਚੁੱਪ ਥੋਡੇ ਕਹਿਰਾਂ ਦੇ  ਨਾਲ
         ਕਣਕਾਂ  ਚਿੱਟੀਆਂ  ਧੀਆਂ  ਸਦਾ !  ਮਿੱਠੀਆਂ ਵੇ ਲੋਕੋ !
        ਕਣਕਾਂ  ਚਿੱਟੀਆਂ  ਧੀਆਂ  ਸਦਾ ਮਿੱਠੀਆਂ ਵੇ ਹਾਂ !


        

Thursday, November 1, 2012

ਐਪਰੋਪਰੀਏਟ ਅਥੌਰਿਟੀ ਡਾ: ਬਲਦੇਵ ਸਿੰਘ ਖਹਿਰਾ ਆਪਣੇ ਵਿਚਾਰ ਸਾਂਝੇ ਕਰਦੇ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ




ਖਮਾਣੋ ਸਿਵਲ ਹਸਪਤਾਲ/ਇਲਾਕੇ   ਵਿੱਚ  ਕੰਨਿਆ-ਭਰੂਣ ਹੱਤਿਆ  ਰੋਕਣ ਵਾਸਤੇ ਪੀ. ਐਨ .ਡੀ. ਟੀ. ਐਕਟ ਨੂੰ ਲਾਗੂ ਕਰਨ ਲਈ  ਯਤਨਸ਼ੀਲ ਐਪਰੋਪਰੀਏਟ ਅਥੌਰਿਟੀ ਡਾ: ਬਲਦੇਵ ਸਿੰਘ ਖਹਿਰਾ ਧੀਆਂ ਨੂੰ ਬਚਾਉਣ ਲਈ ਕੀਤੇ ਗਏ ਪੁਸਤਕ 'ਨਾ !ਮੰਮੀ ਨਾ 'ਦੇ ਲੋਕ-ਅਰਪਣ ਸਮਾਗਮ ਦੇ ਅੰਤ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ