ਸਥਾਨ:ਨਿੱਘੀ ਨਿੱਘੀ ਕੁੱਖ
ਸਮਾ:ਇਕੀਵੀਂ ਸਦੀ
ਮੇਰੇ ਪਿਆਰੇ ਪਿਆਰੇ ਮੰਮੀ ਜੀਓ!
ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ!
ਮੈਂ ਹਾਲ ਦੀ ਘੜੀ ਰਾਜੀ-ਖੁਸ਼ੀ ਹਾਂ ਤੇ ਰੱਬ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ ਬਹੁਤ ਖੁਸ਼ ਅਤੇ ਸੁਖੀ ਰੱਖੇ!ਮੈਂ ਹਾਲ ਦੀ ਘੜੀ ਇਸ ਲਈ ਲਿਖਿਐ ਮੰਮੀ!ਕਿ ਕੱਲ੍ਹ ਮੈਂ ਇੱਕ ਸਨਸਨੀਖੇਜ਼ ਖਬਰ ਸੁਣੀ ਐ।ਤੁਹਾਡੇ ਜਿਸਮ ਤੋਂ ਜਿਹੜਾ ਲਹੂ ਮੇਰੇ ਲਈ ਜ਼ਿੰਦਗੀ ਦੇ ਸਾਰੇ ਤੱਤ ਲੈ ਕਿ ਆਉਂਦੈ ਨਾ!ਕੱਲ੍ਹ ਜਦੋਂ ਮੇਰੇ ਕੰਨਾਂ ਵਿੱਚੋਂ ਦੀ ਗੁਜ਼ਰਿਆ ਤਾਂ ਮੇਰੇ ਕਤਲ ਦੀ ਸਾਜਿਸ਼ ਦਾ ਖੂਨੀ ਸੁਨੇਹਾ ਦੇ ਗਿਆ।ਕਹਿੰਦਾ ਕਿ ਤੁਹਾਨੂੰ ਮੇਰੇ ਧੀ ਹੋਣ ਦਾ ਪਤਾ ਲੱਗ ਗਿਐੈ ਤੇ ਹੁਣ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ ਨਿੱਘੀ ਕੁੱਖ ਵਿੱਚੋਂ ਕੱਢ ਕੇ ਇਸ ਪਥਰੀਲੀ ਧਰਤੀ ਉੱਤੇ ਪਟਕਾ ਮਾਰੋਗੇ।ਸੱਚ ਮੰਮੀ!ਮੈਨੂੰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਇਆ।ਮੈਂ ਕਿਹਾ ਮੇਰੀ ਮੰਮੀ ਤਾਂ ਏਦਾਂ ਕਰ ਹੀ ਨਹੀਂ ਸਕਦੀ,ਉਹ ਤਾਂ ਇੱਕ ਕੀੜੀ ਵੀ ਨਹੀਂ ਮਾਰ ਸਕਦੀ।ਜਦੋਂ ਮੇਰੇ ਪਾਪਾ ਚੂਹੀ ਮਾਰਦੇ ਨੇ ਨਾ!ਤਾਂ ਉਹ ਇੱਕ ਉੱਚੀ ਜਿਹੀ ਮੇਜ਼ ਉੱਤੇ ਖੜ੍ਹ ਜਾਂਦੀ ਐ।ਜਦੋਂ ਚੂਹੀ ਦੇ ਜ਼ੋਰ ਦੀ ਝਾੜੂ ਪੈਂਦੈ ਤਾਂ ਚੀਕ ਮਾਰ ਕੇ ਅੱਖਾਂ 'ਤੇ ਹੱਥ ਰੱਖ ਲੈਂਦੀ ਐ। ਇਹੋ ਜਿਹੀ ਮੰਮੀ ਭਲਾ ਇੰਜ ਕਿਵੇਂ ਕਰ ਸਕਦੀ ਐ ?
ਉਹ ਆਪਣੀ ਨਾਜ਼ੁਕ ਜਿਹੀ ਬੱਚੀ ਦੇ ਸਰੀਰ ਉੱਤੇ ਨਸ਼ਤਰਾਂ ਦੀ ਚੋਭ ਕਿਵੇਂ ਸਹੇਗੀ ?ਇੰਜ ਤਾਂ ਹੋ ਹੀ ਨਹੀਂ ਸਕਦਾ।ਮੈਂ ਠੀਕ ਕਿਹਾ ਨਾ ਮੰਮੀ?.ਬੱਸ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਇਹ ਖਬਰ ਝੂਠ ਹੈ ਤਾਂ ਕਿ ਖਰਗੋਸ਼ ਵਾਂਗ ਕੰਬਦੇ ਮੇਰੇ ਨਿੱਕੇ ਜਿਹੇ ਦਿਲ ਨੂੰ ਧਰਵਾਸਾ ਆ ਜਾਵੇ।ਬੱਸ ਇੱਕ ਵਾਰੀ ਕਹਿ ਦਿਓ ਕਿ ਮੇਰੇ ਕੰਨਾਂ ਨੂੰ ਭੁਲੇਖਾ ਲੱਗਿਐ ਤਾਂ ਕਿ ਮੇਰੀ ਤੜਪ ਰਹੀ ਰੂਹ ਸ਼ਾਂਤ ਹੋ ਜਾਵੇ।
ਜਦੋਂ ਦੀ ਇਹ ਖਬਰ ਸੁਣੀ ਐ ਨਾ ਮੰਮੀ ! ਮੈਂ ਟਿਕੀ ਹੀ ਨਹੀਂ..ਤੇ ਮੇਰਾ ਯਕੀਨ ਥਿੜਕਣ ਲੱਗ ਪਿਆ ਜਦੋਂ ਤੁਸੀਂ ਬਿਸਤਰੇ ਵਿੱਚ ਪਏ ਕਰਵਟਾਂ ਤੇ ਕਰਵਟਾਂ ਲੈਂਦੇ ਰਹੇ..ਮੈਂ ਏਧਰ-ਓਧਰ ਝੂਟੇ ਲੈਂਦੀ ਰਹੀ..ਤੇ ਫਿਰ ਪਾਪਾ ਨੇ ਤੁਹਾਡੇ ਕੰਨ ਵਿੱਚ ਕਿਹਾ, "ਇੱਕ ਵਾਰੀ ਤਕੜੇ ਹੋ ਕੇ ਇਹ ਕੰਮ ਕਰ ਲਈਏ ਤਾਂ ਲੱਖਾਂ ਦੇ ਬੋਝ ਤੋਂ ਬਚ ਜਾਵਾਂਗੇ..ਪੈਸਾ ਤਾਂ ਪੈਸਾ..ਟੈਂਸ਼ਨ ਕਿਹੜਾ ਘੱਟ ਹੁੰਦੈ,ਬਾਹਰ ਗਈ ਤਾਂ ਫਿਕਰ..ਘਰ 'ਕੱਲੀ ਛੱਡੀ ਤਾਂ ਚਿੰਤਾ,ਜਦੋਂ ਤੋਂ ਜੰਮ ਲਈ ਬੱਸ ਟੈਸ਼ਨ ਈ ਟੈਂਸ਼ਨ.."ਮੈਨੂੰ ਲੱਗਿਆ ਮੰਮੀ ਕਿ ਮੈਂ ਵੀ ਇੱਕ ਚੱਕਰਵਿਊ ਵਿੱਚ ਫਸਦੀ ਜਾ ਰਹੀ ਹਾਂ। ਹਾਇ ਮੰਮੀਏ! ਮੈਨੂੰ ਵੀ ਇਸ ਚੱਕਰਵਿਊ ਵਿੱਚੋਂ ਨਿੱਕਲਣਾ ਨਹੀਂ ਆਉਂਦਾ।ਮੈਂ ਬਹੁਤ ਦਹਿਲ ਗਈ ਹਾਂ ਮੰਮੀ!ਮੇਰੇ ਤਾਂ ਹੱਥ ਵੀ ਏਨੇ ਨਿੱਕੇ ਨਿੱਕੇ ਨੇ.. ਛੋਟੇ ਛੋਟੇ ਪਤਾਸਿਆਂ ਵਰਗੇ..ਕਿ ਮੈਂ ਡਾਕਟਰ ਦੀ ਕਲੀਨਿਕ ਵੱਲ ਜਾਂਦਿਆਂ ਦੀ ਤੁਹਾਡੀ ਚੁੰਨੀ ਵੀ ਜ਼ੋਰ ਦੀ ਨਹੀਂ ਖਿੱਚ ਸਕਦੀ।ਮੇਰੀਆਂ ਤਾਂ ਬਾਹਾਂ ਵੀ ਐਨੀਆਂ ਪਤਲੀਆਂ ਪਤਲੀਆਂ ਨੇ..ਸਰ੍ਹੋਂ ਦੀ ਲੈਰੀ ਜਿਹੀ ਗੰਦਲ ਵਰਗੀਆਂ ਕਿ ਇਹਨਾਂ ਨੂੰ ਤੁਹਾਡੀ ਗਰਦਨ ਵਿੱਚ ਪਾ ਕੇ ਐਨੀ ਜ਼ੋਰ ਦੀ ਨਹੀਂ ਚੁੰਬੜ ਸਕਦੀ ਕਿ ਤੁਸੀਂ ਚਾਹੋਂ ਤਾਂ ਵੀ ਮੈਨੂੰ ਆਪਣੇ ਨਾਲੋਂ ਲਾਹ ਨਾ ਸਕੋਂ।ਮੈਂ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਲੇ ਦਵਾਲੇ ਆ ਗਈ ਦਵਾਈ ਨਾਲ ਤੁਹਾਡੇ ਸਰੀਰ ਵਿੱਚੋਂ ਇੰਜ ਤਿਲਕ ਜਾਵਾਂਗੀ ਮੰਮੀ!ਜਿਵੇਂ ਗਿੱਲੇ ਹੱਥਾਂ ਵਿੱਚੋਂ ਸਾਬਣ ਦੀ ਟਿੱਕੀ ਤਿਲਕ ਜਾਂਦੀ ਐ। ਨਾ ਮੰਮੀ ਨਾ!ਇੰਜ ਨਾ ਕਰਿਓ!
ਮੇਰੀ ਤਾਂ ਆਵਾਜ਼ ਵੀ ਐਨੀ ਬਰੀਕ ਐ ਮੰਮੀ!ਕਿ ਮੇਰੀ ਕੋਈ ਮਿੰਨਤ,ਕੋਈ ਅਰਜ਼ੋਈ ਮੇਰੇ ਪਾਪਾ ਤੱਕ ਨਹੀੰ ਪਹੁੰਚ ਸਕਦੀ।ਮੈਂ ਤਾਂ ਬੱਸ ਪਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੀ ਹਾਂ।ਮੈਂ ਤਾਂ ਸਿਰਫ ਇਹ ਖਤ ਹੀ ਲਿਖ ਸਕਦੀ ਹਾਂ ਮੰਮੀ!ਜੇ ਕਿਤੇ ਤੁਸੀਂ ਇਹਨੂੰ ਪੜ੍ਹ ਸਕੋਂ! ਪਲੀਜ਼ ਮੰੰੰਮੀ!ਇਹ ਖਤ ਜ਼ਰੂਰ ਪੜ੍ਹਨਾ!ਬਾਕੀ ਖਤ ਤਾਂ ਅੱਖਾਂ ਖੋਲ੍ਹ ਕੇ ਪੜ੍ਹੀਦੇ ਨੇ ਨਾ ਮੰਮੀ!..ਬਸ..ਇਸ ਖਤ ਲਈ ਆਪਣੀਆਂ ਮਮਤਾਮਈ,ਖੂਬਸੂਰਤ ਅੱਖਾਂ ਨੂੰ ਪੋਲਾ ਜਿਹਾ ਬੰਦ ਕਰਕੇ ਮੈਨੂੰ ਯਾਦ ਕਰਨਾ!
ਮੈਂ ਇੱਕ ਇੱਕ ਹਰਫ ਬਣ ਕੇ ਤੁਹਾਡੇ ਅੱਗੇ ਵਿਛ ਜਾਵਾਂਗੀ ਮੰਮੀ!
ਮੇਰੀ ਗੱਲ ਮੰਨ ਲੈਣਾ ਮੰਮੀ!ਮੇਰਾ ਇਹ ਦੁਨੀਆਂ ਦੇਖਣ ਨੂੰ ਬਹੁਤ ਜੀਅ ਕਰਦੈ।ਮੈਂ ਤਾਂ ਅਜੇ ਤੁਹਾਡੀ ਕੁੱਖ ਦਾ ਚਾਨਣ ਈ ਦੇਖਿਐ..ਤੁਹਾਡੇ ਮੁੱਖ ਦਾ ਚਾਨਣ ਤਾਂ ਅਜੇ ਦੇਖਣੈਂ ਮੈਂ!ਅਜੇ ਤਾਂ ਤੁਹਾਡੇ ਵਿਹੜੇ ਵਿੱਚ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ ਛਮ-ਛਮ ਨੱਚਣੈਂ ਮੈਂ!ਨਾ ਲੈ ਕੇ ਦਿਓ ਮੈਨੂੰ ਨਵੀਂਆਂ ਝਾਂਜਰਾਂ!ਮੈਂ ਤਾਂ ਦੀਦੀ ਦੀਆਂ ਛੋਟੀਆਂ ਹੋ ਚੁੱਕੀਆਂ ਝਾਂਜਰਾਂ ਹੀ ਪਾ ਲਊਂਗੀ।ਨਾ ਲੈ ਕੇ ਦੇਣਾ ਮੈਨੂੰ ਨਵੇਂ ਨਵੇਂ ਕਪੜੇ!ਮੈਂ ਤਾਂ ਵੀਰੇ ਦੇ ਤੰਗ ਹੋਏ ਕਪੜੇ ਹੀ ਪਾ ਲਊਂਗੀ।ਪਰ ਮੈਂ ਇਹ ਧਰਤੀ-ਅੰਬਰ-ਪਾਣੀ-ਚੰਨ ਤਾਰੇ ਤਾਂ ਦੇਖ ਲਊਂਗੀ।ਇਹ ਤਾਂ ਨਹੀਂ ਨਾ ਹਿੱਸਿਆਂ ਵਿੱਚ ਵੰਡੇ ਜਾਂਦੇ..ਇਹ ਤਾਂ ਨਹੀਂ ਨਾ ਮੁੱਕਦੇ।
ਹਾਇ ਅੰਮੜੀਏ!ਮੈਨੂੰ ਵੀ ਇਹ ਜੱਗ ਦੇਖ ਲੈਣ ਦੇ!ਜੇ ਤੈਨੂੰ ਇਹ ਮਨਜ਼ੂਰ ਨਹੀਂ ਸੀ ਤਾਂ ਨਾ ਖੋਲ੍ਹਦੀ ਆਪਣੀ ਕੁੱਖ ਦਾ ਬੂਹਾ ਮੇਰੇ ਲਈ..ਨਾ ਵਿਛਾਂਦੀ ਮੇਰੇ ਲਈ ਇਹ ਕੂਲਾ ਕੂਲਾ ਬਿਸਤਰਾ..ਮੈਂ ਆਪੇ ਕਿਸੇ ਹੋਰ ਜਿਸਮ ਵਿੱਚ ਆਲ੍ਹਣਾ ਬਣਾ ਲੈਂਦੀ.. ਪਰੀਆਂ ਵਾਂਗ ਉੱਡਦੀ ਰਹਿੰਦੀ ਜਾਂ ਚਿੜੀ ਬਣ ਕੇ ਚਹਿਕਦੀ ਰਹਿੰਦੀ।ਹੁਣ ਜਦੋਂ ਤੂੰ ਮੈਨੂੰ ਜਿਸਮ ਦੇਣ ਦਾ ਵਾਅਦਾ ਕਰ ਲਿਐ..ਹੁਣ ਤਾਂ ਨਾ ਮੁੱਕਰ। ਹੁਣ..ਜਦੋਂ ਤੂੰ ਹਵਾ ਵਿੱਚੋਂ ਆਕਸੀਜਨ ਲੈ ਕੇ ਮੈਨੂੰ ਸਾਹ ਬਖਸ਼ਦੀ ਰਹੀ ਹੈਂ..ਮੇਰੇ ਜਿਸਮ ਦੇ ਮਹਿਲ ਬਣਾਣ ਲਈ ਆਪਣੇ ਸਰੀਰ ਵਿੱਚੋਂ ਹਰ ਤਰ੍ਹਾਂ ਦੀ ਮਿੱਟੀ-ਗਾਰਾ-ਸੀਮਿੰਟ ਭੇਜਦੀ ਰਹੀ ਹੈਂ..ਹੁਣ ਤਾਂ ਨਾ ਇੰਜ ਕਰ।ਸੱਚ ਅੰਮੀਏ!ਹੁਣ ਤਾਂ ਮੇਰਾ ਦਿਲ ਵੀ ਧੜਕਣ ਲੱਗ ਪਿਐ..ਮੈਂ ਵੀ ਹੋਰ ਕੁੜੀਆਂ ਵਾਂਗ ਬਹੁਤ ਸੁਫਨੇ ਬੁਣੇ ਨੇ..ਮੇਰੇ ਇਸ ਸਰੀਰ ਵਿੱਚ ਸੈਂਕੜੇ ਹੱਡੀਆਂ ਤੇ ਹਜ਼ਾਰਾਂ ਨਾੜਾਂ ਦਾ ਇੱਕ ਸ਼ਹਿਰ ਬਣ ਚੁੱਕਿਐ..ਤੇ ਇਸ ਸ਼ਹਿਰ ਵਿੱਚ ਬਹੁਤ ਸਾਰੀਆਂ ਹਸਰਤਾਂ ਤੇ ਸੁਫਨੇ ਤੁਰ ਫਿਰ ਰਹੇ ਨੇ।ਤੇਰਾ ਇੱਕੋ ਇੱਕ ਫੈਸਲਾ ਮਾਂ!ਤੇਰੀ ਇੱਕੋ ਇੱਕ ਹਰਕਤ ਬੰਬ ਬਣ ਕੇ ਗਿਰ ਜਾਏਗੀ ਇਸ ਸ਼ਹਿਰ'ਤੇ..ਲਾਸ਼ਾਂ ਹੀ ਲਾਸ਼ਾਂ ਵਿਛ ਜਾਣਗੀਆਂ।ਆਪਣੇ ਅੰਦਰ ਇੱਕ ਹੀਰੋਸ਼ੀਮਾ ਨਾ ਬਣਾ ਮਾਂ!ਨਾ ਬਣਾ!
ਮੈਂ ਤੇਰੀ ਧੀ ਆਂ ਮਾਂ!ਤੇਰੀ ਮੁਹੱਬਤ ਦੀ ਸ਼ਹਿਜ਼ਾਦੀ..ਮੈਨੂੰ ਘਰ ਵਿੱਚ ਉੱਤਰ ਲੈਣ ਦੇ ਮਾਂ!ਭੁੱਲ ਗਈ ? ਜਦੋਂ ਤੈਨੂੰ ਮੇਰੇ ਵਜੂਦ ਦਾ ਯਕੀਨ ਆਇਆ ਸੀ ਤਾਂ ਤੂੰ ਕਿੰਨੀ ਖੁਸ਼ ਹੋਈ ਸੀ,ਡਾਕਟਰ ਕੋਲ ਗਈ ਸੀ,ਖਾਸ ਖਾਸ ਖੁਰਾਕ ਬਾਰੇ ਪੁੱਛ ਕੇ ਆਈ ਸੀ,ਟਾਨਿਕ ਲਿਖਾ ਕੇ ਲਿਆਈ ਸੀ ਤੇ ਸਭ ਕੁਝ ਆਪਣੇ ਪੇਟ ਤੋਂ ਮੇਰੇ ਪੇਟ ਵਿੱਚ ਭੇਜਦੀ ਰਹੀ ਸੀ।ਸੱਚੀਂ ਮਾਂ!ਮੈਂ ਵੀ ੳਦੋਂ ਕਿੰਨੀ ਖੁਸ਼ ਹੋਈ ਸਾਂ!ਮੈਂ ਤਾਂ ੳਦਣ ਵੀ ਬਹੁਤ ਖੁਸ਼ ਹੋਈ ਸਾਂ ਮਾਂ ਜਦੋਂ ਤੂੰ ਆਪਣੀ ਸਕੈਨਿੰਗ ਕਰਵਾਈ ਸੀ।ਮੈਨੂੰ ਲੱਗਿਆ ਸੀ ਕਿ ਮੇਰੀ ਭੋਲੀ ਅੰਮੜੀ ਮੇਰੀ ਹੋਰ 4-5 ਮਹੀਨਆਂ ਦੀ ਜੁਦਾਈ ਵੀ ਬਰਦਾਸ਼ਤ ਨਹੀਂ ਕਰ ਸਕਦੀ-ਮੇਰੇ ਬਾਰੇ ਜਾਨਣਾ ਚਾਹੁੰਦੀ ਐ-ਕਿੰਨੀ ਚੰਗੀ ਐ!ਪਰ ਇਹ ਕੀ?ਜਿਉਂ ਹੀ ਤੈਨੂੰ ਮੇਰੇ ਧੀ ਹੋਣ ਦਾ ਪਤਾ ਲੱਗਿਆ ਤੂੰ ਕੰਬਣ ਲੱਗ ਪਈ।ਇਹਦੇ ਵਿੱਚ ਏਡੀ ਕੀ ਗੱਲ ਹੋ ਗਈ ਮਾਂ?ਜੇੇ ਪੁੱਤ ਹੁੰਦਾ ਤਾਂ ਤੂੰ ਪਾਲ ਲੈਂਦੀ-ਜੇ ਧੀ ਹੈ ਤਾਂ ਨਹੀਂ।ਨਾ ਮੰਮੀ ਨਾ!ਮੈਂ ਏਡਾ ਨਹੀਂ ਤੇਰੇ'ਤੇ ਬੋਝ ਬਣਨ ਵਾਲੀ।ਇਹ ਜਿਹੜੀ ਦਾਜ ਦੀ ਤੇ ਧੀ ਦੇ ਦੁੱਖ ਦੀ ਟੇਕ ਲੈ ਕੇ ਤੂੰ ਆਪਣੇ ਫੈਸਲੇ ਨੂੰ ਠੀਕ ਸਮਝ ਰਹੀ ਹੈਂ ਨਾ ਮਾਂ!ਇਹ ਤਾਂ ਨਿਰਾ ਧੋਖਾ ਹੀ ਦੇ ਰਹੀ ਹੈਂ ਆਪਣੇ-ਆਪ ਨੂੰ।ਤੈਨੂੰ ਵੀ ਤਾਂ ਪਤੈ ਕਿ ਇਹੋ ਗੱਲ ਨਹੀਂ।ਇਹ ਤਾਂ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਚਣ ਵਾਲਾ ਮਾਮਲਾ ਹੈ।ਇਹ ਥੋੜ੍ਹੀ ਐ ਕਿ ਆਪਣੀ ਧੀ ਨੂੰ ਹੀ ਕਤਲ ਕਰ ਦਿਓ!ਕੋਈ ਹੋਰ ਹੱਲ ਸੋਚੋ!ਕਿਉਂ ਨਹੀਂ ਵੀਰ ਦੇ ਵਿਆਹ'ਤੇ ਤੂੰ ਇਹੋ-ਜਿਹੀ ਮਿਸਾਲ ਕਾਇਮ ਕਰਦੀ ਕਿ ਕਿਸੇ ਗਰੀਬ ਦੀ ਧੀ ਦੇ ਖੁਸ਼ੀਆਂ ਦੇ ਕਲ੍ਹੀਰੇ ਬੰਨ੍ਹੇ ਜਾਣ,ਬਿਨਾਂ ਦਾਜ ਤੋਂ ਆਈ ਭਾਬੀ ਦੇ ਬਲਿਹਾਰੇ ਜਾਂਦੀ?ਕਿਉਂ ਨਹੀਂ ਦੂਜੀਆਂ ਆਂਟੀਆਂ ਵੀ ਏਵੇਂ ਕਰਦੀਆਂ? ਆਖਿਰ ਜਿਨ੍ਹਾਂ ਦੇ ਧੀਆਂ ਨੇ,ਪੁੱਤ ਵੀ ਤਾਂ ਉਨ੍ਹਾਂ ਦੇ ਈ ਨੇ? ਇਹ ਕੀ ਹੋਇਆ ਕਿ ਆਪਣੀ ਧੀ ਨੂੰ ਮਾਰ ਦਿਓ ਤੇ ਪੁੱਤ ਲਈ ਮੂੰਹ ਮੰਗਿਆ ਦਾਜ ਲੈ ਆਓ!ਇਹ ਤਾਂ ਮੰਮੀ ਨਿਰਾ ਬਹਾਨਾ ਐ ਬਹਾਨਾ,ਆਪਣੇਆਪ ਨੂੰ ਗੁਨਾਹ ਤੋਂ ਮੁਕਤ ਮਹਿਸੂਸ ਕਰਨ ਦਾ।ਪਰ ਮੰਮੀਏ!ਰੱਬ ਦੀ ਦਰਗਾਹ ਵਿੱਚ ਤਾਂ ਨਹੀਂ ਨਾ ਕੋਈ ਬਹਾਨਾ ਚੱਲਦਾ! ਇਹ ਗੁਨਾਹ ਤਾਂ ਬੱਸ ਦਾਗ ਬਣ ਕੇ ਨਾਲ ਹੀ ਚੁੰਬੜਿਆ ਰਹਿੰਦੈ..
ਨਾ ਮੇਰੀ ਮੰਮੀ!ਤੂੰ ਪਾਪਣ ਨਾ ਬਣੀਂ!ਤੂੰ ਹਤਿਆਰੀ ਨਾ ਬਣੀਂ!ਦੇਖ!ਕੁਝ ਹਿੰਮਤ ਤੂੰ ਕਰੇਂਗੀ ਨਾ!ਤੇ ਕੁਝ ਹਿੰਮਤ ਮੈਂ ਕਰੂੰਗੀ ਤਾਂ ਮੈਂ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਜਾਊਂਗੀ।ਤੂੰ ਦੇਖੀਂ!ਫਿਰ ਮੇਰੇ ਹੱਥਾਂ ਉੱਤੇ ਵੀ ਮਹਿੰਦੀ ਚਮਕੂਗੀ..ਮੇਰੀ ਵੀ ਸ਼ਗਨਾਂ ਵਾਲੀ ਡੋਲੀ ਤੁਰੂਗੀ..ਮੈਂ ਵੀ ਤੇਰੇ ਵਿਹੜੇ ਵਿੱਚੋਂ ਚਿੜੀਆਂ ਦਾ ਚੰਬਾ ਬਣ ਕੇ ਉਡੂੰਗੀ।ਤੂੰ ਮੈਨੂੰ ਇੰਜ ਤਾਂ ਨਾ ਉਡਾ!
ਸਿਰਫ ਵਿਆਹ ਹੀ ਨਹੀਂ ਮੰਮੀ! ਇਹ ਵੀ ਕੀ ਪਤੈ ਕਿ ਮੈਂ ਏਡੀਆਂ ਏਡੀਆਂ ਮੱਲਾਂ ਮਾਰਾਂ ਕਿ ਸਾਰੀ ਦੁਨੀਆਂ ਵਿੱਚ ਤੇਰਾ..
ਪਾਪਾ ਦਾ ..ਸਾਰੇ ਖਾਨਦਾਨ ਦਾ ..ਦੇਸ਼ ਕੌਮ ਦਾ ਨਾਂ ਰੌਸ਼ਨ ਕਰ ਜਾਵਾਂ?
ਦੇਖ ਮੰਮੀ!ਮੈਂਨੂੰ ਇਹ ਕੋਸ਼ਿਸ਼ ਕਰ ਲੈਣ ਦੇ! ਮੈਨੂੰ ਵੀ ਜਗਤ-ਤਮਾਸ਼ਾ ਦੇਖ ਲੈਣ ਦੇ! ਮੈਂ ਤੇਰੇ ਪਿਆਰ ਦਾ ਬੀਜ ਆਂ! ਮੈਨੂੰ ਆਪਣੀ ਵੱਖੀ ਦੀ ਡਾਲ'ਤੇ ਫੁੱਲ ਬਣ ਕੇ ਖਿੜ ਲੈਣ ਦੇ ਅੰਮੜੀਏ! ਮੈਨੂੰ ਮਹਿਕ ਬਣ ਕੇ ਖਿੱਲਰ ਲੈਣ ਦੇ ਮਾਂ। ਦੇਖ ਮੈਂ ਤੇਰੇ ਅੱਗੇ ਨਿੱਕੇ ਨਿੱਕੇ ਪਤਾਸਿਆਂ ਵਰਗੇ ਹੱਥ ਬੰਨ੍ਹਦੀ ਆਂ ਪਈ..ਮੈਨੂੰ ਮਹਿਸੂਸ ਕਰ ਮਾਂ! ਮੈਨੂੰ ਬਚਾ ਲੈ ਅੰਮੀਏ !
ਹੁਣ ਜਦੋਂ ਪਾਪਾ ਮੈਨੂੰ ਮਾਰਨ ਲਈ ਤੈਨੂੰ ਹਸਪਤਾਲ ਲਿਜਾਣਾ ਚਾਹੁਣ ..ਤਾਂ ਤੂੰ ਅੜ ਜਾਈਂ ਮਾਂ!ਮੇਰਾ ਵਾਸਤਾ ਪਾ ਦਈਂ! ਉਹਨਾਂ ਨੂੰ ਸਮਝਾ ਲਈਂ ਮਾਂ! ਪਰ ਮੈਨੂੰ ਮੌਤ ਦੇ ਖੂਹ ਵਿੱਚ ਸੁਟਵਾਉਣ ਲਈ ਹਸਪਤਾਲ ਨਾ ਜਾਵੀਂ!
ਤੂੰ ਮੇਰਾ ਨਿੱਕੇ ਨਿੱਕੇ ਸਾਹ ਲੈਂਦਾ ਗਲਾ ਇੰਜ ਨਾ ਘੁਟੀਂ!
ਨਾ !ਮੰਮੀ ਨਾ! ਮੈਂਨੂੰ ਇੰਜ ਬੇਰਹਿਮੀ ਨਾਲ ਨਾ ਮਾਰੀਂ!
ਨਾ! ਮੰਮੀ ਨਾ!
ਨਾ! ਮੰਮੀ ਨਾ!
ਨਾ! ਮੰਮੀ ਨਾ!
ਮੇਰੀ ਮੰਮੀ ਕਿਸੇ ਤਰ੍ਹਾਂ ਇਹ ਖਤ ਪੜ੍ਹ ਲਵੇ..ਬੱਸ ਇਹੋ ਜੋਦੜੀ ਕਰਦੀ ਹੋਈ
ਤੇਰੀ ਮਸੂਮ ਜਿਹੀ
ਅਣਜੰਮੀ ਧੀ
No comments:
Post a Comment