Saturday, October 27, 2012

ਉਸ ਬੱਚੀ ਦੀ ਵੇਦਨਾ..ਜਿਸਦੀ ਫਰਿਆਦ ਨਾ ਉਹਦੀ ਮਾਂ ਨੇ ਸੁਣੀ ਨਾ ਪਿਤਾ ਨੇ

 ਉਸ ਬੱਚੀ ਦੀ ਵੇਦਨਾ..ਜਿਸਦੀ ਫਰਿਆਦ ਨਾ ਉਹਦੀ ਮਾਂ ਨੇ ਸੁਣੀ ਨਾ ਪਿਤਾ ਨੇ .......ਤੇ ਨਾ ਦਾਦਾ-ਦਾਦੀ,    ਨਾਨਾ-ਨਾਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੇ....ਇਹ ਨਜ਼ਮ ਅਨੀਤਾ-ਸ਼ਬਦੀਸ਼ ਵੱਲੋਂ ਖੇਡੇ ਜਾ ਰਹੇ ਨਾਟਕ ' ਚਿੜੀ ਦੀ ਅੰਬਰ ਵੱਲ ਉਡਾਣ 'ਵਿੱਚ ਅਜੇਹੇ ਦਰਦ-ਭਿੱਜੇ ਅੰਦਾਜ਼ ਵਿੱਚ ਪੇਸ਼ ਕੀਤੀ ਜਾ ਰਹੀ ਹੈ ਕਿ ਦਰਸ਼ਕਾਂ ਵਿੱਚੋਂ ਸਿਸਕੀਆਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਨੇ ਤੇ ਬਹੁਤੇ ਲੋਕ ਅੱਖਾਂ ਪੂੰਝਦੇ ਦੇਖੇ ਜਾ ਸਕਦੇ ਨੇ ..
      ਕੀ ਉਹਨਾਂ ਬੱਚੀਆਂ ਦੀ ਪੁਕਾਰ ਕੋਈ ਸੁਣੇਗਾ ? ਜਿਹੜੀਆਂ ਜਿਉਂਦੀਆਂ ਰਹਿਣ ਲਈ   ਤਰਲੇ-ਮਿੰਨਤਾਂ ਕਰ ਰਹੀਆਂ ਨੇ ?  

ਨਾ ਤੂੰ ਚਿੱਠੀਆਂ ਪੜ੍ਹੀਆਂ ਮਾਏ !
      
ਨਾ ਤੂੰ ਚਿੱਠੀਆਂ ਪੜ੍ਹੀਆਂ ਮਾਏ!

ਨਾ ਤੂੰ ਹੂਕਾਂ ਸੁਣੀਆਂ

ਨਾ ਤੂੰ ਮੇਰੀ ਪੀੜ ਪਛਾਣੀ

ਨਾ ਤੂੰ ਕੂਕਾਂ ਸੁਣੀਆਂ


ਸਕੀਏ ਨੀਂ! ਨੀਂ ਸਕੀਏ ਮਾਏ !

ਤੂੰ ਤੇ ਪਾਪਾ ਰਲ ਕੇ

ਕੱਚੀ ਨੀਂਦ ਜਗਾਇਆ ਮੈਨੂੰ

ਖੂਬ ਦਲੀਲਾਂ ਬੁਣੀਆਂ


ਦਾਜ ਦਾ ਪਿੰਜਰਾ ਤੋੜ ਸਕੇ ਨਾ

ਮੈਨੂੰ ਪਿੰਜਰ ਕੀਤਾ

ਖੋਹ ਲਏ ਗੁੱਡੀਆਂ ਅਤੇ ਪਟੋਲੇ

ਖੋਹ ਲਈਆਂ ਛੁਣਛੁਣੀਆਂ


ਜੁਗ ਜੁਗ ਜੀਓ ਮਾਪੜਿਓ !

ਮੈਂ ਪਰਲੋਕਾਂ ਵੱਲ ਚੱਲੀ

ਪੁੱਤ ਜਾਣ ਲਏ ਮੱਖਣ

ਧੀਆਂ ਲੱਸੀ ਵਾਂਗਰ ਪੁਣੀਆਂ।





No comments:

Post a Comment