ਕਿਤਾਬ *ਨਾ!ਮੰਮੀ ਨਾ* ਵਿੱਚੋਂ ਇੱਕ ਚੈਪਟਰ :
ਇਉਂ ਤਾਂ ਨਹੀਂ ਕਿ ਅਸੀਂ ਚੱਤੋ ਪਹਿਰ ਇਸੇ ਦੁਖਾਂਤ ਬਾਰੇ ਹੀ ਸੋਚਦੇ ਹਾਂ ਜਾਂ ਅਜੇਹਾ ਕੁਝ ਹੀ ਕਰਦੇ ਰਹਿੰਦੇ ਹਾਂ।ਜ਼ਿੰਦਗੀ ਨਿੱਜੀ ਤੌਰ 'ਤੇ ਸਾਡੇ ਉੱਤੇ ਬੇਹੱਦ ਮਿਹਰਬਾਨ ਹੈ,ਇਸ ਨੂੰ ਸ਼ਿੱਦਤ ਨਾਲ ਜਿਉਂਦੇ ਹਾਂ,ਬਹੁਤ ਕੁਝ ਹੋਰ ਪੜ੍ਹਦੇ ਲਿਖਦੇ ਹਾਂ, ਰੰਗੀਂ ਵਸਦੇ ਹਾਂ।ਪਰ ਕਦੇ ਕਦੇ ਕੋਈ ਪਲ ,ਕੋਈ ਬਿੰਦ, ਉਦਾਸੀਆਂ ਦੀ ਮਕਾਣ ਲੈ ਆਉਂਦੈ,ਸਾਰੇ ਹੀ ਰੰਗ ਫਿੱਕੇ ਪੈ ਜਾਂਦੇ ਨੇ।ਅੱਜ ਇਹੋ ਜਿਹੀ ਹੀ ਪ੍ਰਭਾਤ ਸੀ।ਮੋਹਾਲੀ ਦੀ ਇੱਕ ਰੂੜੀ ਵਿੱਚੋਂ ਕਿਸੇ ਬੱਚੀ ਦੀ ਸੁੰਡੀਆਂ ਪਈ ਲੋਥ ਲੱਭੀ ਸੀ।ਹਿੰਦੀ ਦੇ ਅਖਬਾਰ' ਦੈਨਿਕ ਭਾਸਕਰ 'ਵਿੱਚ ਲੱਗੀ ਉਹਦੀ ਰੰਗਦਾਰ ਤਸਵੀਰ ਨੇ ਮੇਰੀ ਬਿਸਤਰ-ਚਾਹ ਕੌੜੀ ਕੁਸੈਲੀ ਕਰ ਦਿੱਤੀ।ਹੋਰ ਸਫ਼ੇ ਪਰਤੇ.. ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਕੂੜੇਦਾਨ ਵਿਚੋਂ ਇੱਕ ਹੋਰ ਕੰਨਿਆ ਭਰੂਣ ਮਿਲਿਆ ਸੀ।ਉਹਨੂੰ ਦੇਖਦਿਆਂ ਹੀ ਸੜੂਕੀ ਗਈ ਚਾਹ ਬਾਹਰ ਨੂੰ ਆਉਣ ਲੱਗੀ।ਬੱਸ ਜਿਵੇਂ ਐਤਵਾਰ ਨੂੰ ਗ੍ਰਹਿਣ ਲੱਗ ਗਿਆ।ਕਿੰਨੀ ਦੇਰ ਪਲੰਘ ਤੋਂ ਉੱਠ ਹੀ ਨਾ ਹੋਇਆ।ਬਲਦੇਵ ਮੱਥੇ ਨੂੰ ਮਲਦਾ ਏਧਰ ੳਧਰ ਤੁਰ ਫਿਰ ਰਿਹਾ ਸੀ।ਮੈਂ ਚਿੱਤ ਹੋਰ ਪਾਸੇ ਪਾਉਣ ਲਈ ਪੰਜਾਬੀ ਲੋਕ ਗਾਇਕੀ ਦੀ ਰੂਹੇ ਰਵਾਂ,ਸੁਰਿੰਦਰ ਕੌਰ ਦੀ ਕੈਸੇਟ ਲਗਾ ਦਿੱਤੀ।ਦਹਾਕਿਆਂ ਤੋਂ ਦਿਲਾਂ ਉੱਤੇ ਬਾਦਸ਼ਾਹਤ ਕਰ ਰਹੀ 'ਪੰਜਾਬ ਦੀ ਕੋਇਲ' ਹਮੇਸ਼ਾ ਇਹੋ ਜਿਹੇ ਤਿਰਹਾਏ ਪਲਾਂ ਵਿੱਚ ਮੇਰੇ ਲਈ ਰੂਹ-ਆਫਜ਼ਾ ਬਣਦੀ ਹੈ :
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਇ ਰੱਬਾ ਵੇ ਸਾਨੂੰ ਟੁਰਨਾ ਪਿਆ
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ
ੳਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ....ਹਾਇ ਰੱਬਾ ਵੇ!....
ਇਹ ਸੁਰਿੰਦਰ ਕੌਰ ਗਾ ਰਹੀ ਸੀ ਕਿ ਉਹ ਕੁੜੀ ਜਿਹਨੂੰ ਰੂੜੀ ਵਿੱਚ ਦੱਬ ਕੇ ਪਿੱਛੇ ਵੱਲ ਮੋੜ ਦਿੱਤਾ ਗਿਆ ਸੀ?
ਅਜੀਬ ਪਾਗਲ ਹਾਂ ਮੈਂ ਵੀ! ਉੱਠ ਕੇ ਸੈਰ ਕਰਨ ਚਲੀ ਗਈ। ਰੋਜ਼ ਗਾਰਡਨ ਵਿੱਚ ਖਿੜੇ ਰੰਗ ਬਿਰੰਗੇ ਗੁਲਾਬਾਂ ਨੇ ਮੂੰਹ ਵਿੱਚ ਘੁਲੀ ਕੁਨੀਨ ਨੂੰ ਗੁਲਕੰਦ ਬਣਾ ਦਿੱਤਾ,ਮਹਿਕੀ ਹਵਾ ਵਿੱਚ ਲਹਿਰਦੀ ਗੁਰਬਾਣੀ ਨੇ ਉਖੜਦੇ ਸਾਹਾਂ ਨੂੰ ਰਬਾਬ ਕਰ ਦਿੱਤਾ।
ਘਰ ਪਰਤੀ ਤਾਂ ਬਲਦੇਵ ਵੀ ਸਹਿਜ ਹੋ ਕੇ ਆਮ ਵਾਂਗ ਵਰਜਿਸ਼ ਕਰ ਰਿਹਾ ਸੀ। ਕਨਸਾਂ 'ਤੇ ਪਏ ਮੋਮੈਂਟੋ ,ਫੋਟੋਆਂ ਅਤੇ ਹੋਰ ਸਜਾਵਟੀ ਸਮਾਨ ਨੂੰ ਝਾੜਦਿਆਂ ਪੂੰਝਦਿਆਂ ਮੈਂ ਟੇਪ ਦਾ ਬਟਨ ਫਿਰ ਤੋਂ ਦੱਬ ਦਿੱਤਾ।ਸੰਗੀਤ ਆਪਣਾ ਜਾਦੂ ਦਿਖਾਉਣ ਲੱਗਿਆ,ਰੌਣਕ ਸਾਡੇ ਘਰ ਦੀਆਂ ਪੌੜੀਆਂ ਉਤਰਨ ਲੱਗੀ। ਗੀਤਾਂ ਦੀ ਇੱਕ ਹੋਰ ਪਟਰਾਣੀ ਪਰਕਾਸ਼ ਕੌਰ ਦੇ ਵੰਝਲੀ ਵਰਗੇ ਬੋਲ ਛਣਕ ਪਏ,
ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ.......
ਅਚਾਨਕ ਰਵਾਂ-ਰਵੀਂ ਚਲਦੇਂ ਚਰਖੇ ਦੀ ਹੱਥੀ ਛੁੱਟ ਗਈ,ਪੁੱਠਾ ਗੇੜਾ ਆ ਗਿਆ।
ਛਮ ਛਮ ਕਰਕੇ ਬੁਲਾਉਂਦੀਆਂ ਝਾਂਜਰਾਂ ਤਾਂ ਕਦੋਂ ਦੀਆਂ ਚਲੀਆਂ ਗਈਆਂ
.......... ਹੁਣ ਤਾਂ ਗੋਰੀਆਂ ਵੀ ਜਾ ਰਹੀਐਂ
ਭੈਣਾਂ ਦੀ ਜੋੜੀ ਨੇ ਸਾਂਝੇ ਗੀਤ ਦੀ ਤੰਦ ਕੱਤੀ ਹੈ :
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ....
ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀਂ......
ਅਚਾਨਕ ਮੇਰੇ ਅੰਦਰੋਂ ਕੋਈ ਚੀਕ ਪਿਐ,
ਨੀਂ ਮੁਟਿਆਰੇ ! ਤੇਰਾ ਇਹ ਕੰਡੜਾ ਕਿਸੇ ਭਾਬੋ ਨੇ ਨਹੀਂ ਕੱਢਣਾ,
ਕਿਸੇ ਵੀਰ ਨੇ ਤੇਰੀ ਪੀੜ ਨਹੀਂ ਸਹਿਣੀ..ਇਹ ਤਾਂ ਤੈਨੂੰ ਆਪ ਈ....
ਮੈਂ ਆਪਣੀ ਮਨੋ-ਸਥਿਤੀ'ਤੇ ਝੁੰਜਲਾ ਰਹੀ ਹਾਂ। ਠੀਕ ਹੀ ਤਾਂ ਕਿਹੈ ਕਿਸੇ ਨੇ,
ਹਰਾ ਚਸ਼ਮਾ ਲਾ ਲਓ ਤਾਂ ਸਭ ਹਰਾ ਦਿਸਦੈ,ਪੀਲਾ ਲਾ ਲਓ ਤਾਂ ਸਭ ਪੀਲਾ
ਅੱਜ ਕਿਹੋ ਜਿਹਾ ਚਸ਼ਮਾ ਲੱਗ ਗਿਆ ਹੈ ਮੇਰੇ ਕਿ ਅਰਥਾਂ ਦੇ ਅਨੱਰਥ ਹੋਣ ਲੱਗ ਪਏ ਨੇ ।
ਮਾਵਾਂ'ਤੇ ਧੀਆਂ ਰਲ ਬੈਠੀਆਂ ਨੀਂ ਮਾਏ ! ਕੋਈ ਕਰਦੀਆਂ ਗੱਲੋੜੀਆਂ
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀਂ ਮਾਏ....?
.................................................
ਨਹੀਂ ਨਹੀਂ ਆਖੋ... 'ਧੀਆਂ ਕਿਉਂ ਨਾ ਜੰਮੀਆਂ ਨੀਂ ਮਾਏ ?
ਮੈਂ ਸਟੀਰੀਓ ਬੰਦ ਕਰ ਦਿੱਤੈ।ਪਰ ਗੀਤ ਤਾਂ ਅਜੇ ਵੀ ਵੱਜੀ ਜਾ ਰਿਹੈ।
ਮੈਂ ਬੌਂਦਲ ਕੇ ਕੋਠੇ ਚੜ੍ਹ ਆਈ ਹਾਂ,ਗੀਤ ਮੇਰੇ ਪਿੱਛੇ ਪਿੱਛੇ ਪੌੜੀਆਂ ਚੜ੍ਹ ਆਇਐ, ਮੈਂ ਚੁਬਾਰੇ'ਚ ਵੜ ਗਈ ਹਾਂ,ਇਹ ਕਿਸੇ ਨੁੱਕਰ ਵਿੱਚ ਖੜੋ ਕੇ ਲਿਬਾਸ ਬਦਲਣ ਲੱਗਿਐ,ਮੈਂ ਡਾਇਰੀ ਖੋਲ੍ਹੀ ਹੈ,ਇਹ ਵਿਛੌਣੇ ਵਾਂਗ ਉਹਦੇ ਤੇ ਵਿਛ ਗਿਐ। ਹੋਣੀਆਂ ਦਾ ਇਹ ਕੇਹਾ ਛਡਿਅੰਤਰ ਹੈ?ਜਿਹੜਾ ਗੀਤ ਮੇਰੇ ਭਟਕੇ ਚਿੱਤ ਨੂੰ ਥਾਂ ਟਿਕਾਣੇ ਲਿਆਉਂਦਾ ਸੀ,ਬੁੱਜ ਹੋਏ ਕੰਨਾਂ ਵਿੱਚ ਜਲਤਰੰਗ ਵਜਾਉਂਦਾ ਸੀ,ਉਹੀ ਮੇਰੀ ਡਾਇਰੀ ਤੇ ਅੱਜ ਹੋਰੂੰ ਹੋਰੂੰ ਜਿਹਾ ਹੋਇਆ ਪਿਐ
ਮਾਂਵਾਂ 'ਤੇ ਧੀਆਂ ਰਲ ਬੈਠੀਆਂ ਨੀਂ ਮਾਏ !
ਮਾਂਵਾਂ 'ਤੇ ਧੀਆਂ ਰਲ ਬੈਠੀਆਂ ਨੀਂ ਮਾਏ ! ਕੋਈ ਕਰਦੀਆਂ ਗੱਲੋੜੀਆਂ
ਬੈਠੀਆਂ ਤਾਂ ਬੈਠੀਆਂ ਜਾ ਉੱਚੜੇ ਚੁਬਾਰੇ ਲੈ ਕੇ ਦਿਲ ਦੀਆਂ ਗੱਲੋੜੀਆਂ
ਨੀਂ ਕਣਕਾਂ ਲੰਮੀਆਂ ਧੀਆਂ ਕਿਉਂ ਨਾ ਜੰਮੀਆਂ ਨੀਂ ਮਾਏ ?
ਧੀ: ਦੂਰੋਂ 'ਤੇ ਆਈ ਸਾਂ ਚੱਲਕੇ ਨੀਂ ਮਾਏ !
ਤੇਰੇ ਦਰ ਉੱਤੇ ਰਹੀ ਆਂ ਖੜੋ
ਭਿੱਛਿਆ'ਚ ਪਾ ਦੇ ਸਾਨੂੰ! ਇੱਕ ਲੱਪ ਲੋਰੀਆਂ ਦੀ
ਬਾਰ ਨਾ ਸੁਗੰਧੀਆਂ ਤੋਂ ਢੋਅ
ਨੀਂ ਕਣਕਾਂ ਹਰੀਆਂ ਮਾਂਵਾਂ ਕਿਉਂ ਡਰੀਆਂ ਨੀ ਮਾਏ ?........
ਮਾਂ: ਜੱਗ ਮੈਲਾ ਕਰ ਦਿੰਦੈ ਧੀਏ ਨੀਂ ਸੁਗੰਧੀਆਂ ਨੂੰ
ਇੱਜ਼ਤਾਂ ਦੀ ਚੁੰਨੀ ਦਿੰਦੈ ਪਾੜ
ਏਧਰੋਂ ਜੇ ਬਚੇ ਕੌਡੇ-ਰਾਖਸ਼ਾਂ ਜਹੇ ਸਹੁਰੇ
ਪੀਂਦੇ ਮਾਪਿਆਂ ਦਾ ਲਹੂ ਕਾੜ੍ਹ ਕਾੜ੍ਹ
ਨੀਂ ਕਣਕਾਂ ਪੱਕੀਆਂ ਧੀਆਂ ਤਾਂਹੀਓਂ ਧੱਕੀਆਂ ਨੀਂ ਧੀਏ ! ........
ਧੀ: ਵਿਦਿੱਆ ਦੇ ਗਹਿਣੇ ਪਾ, ਦੇ ਹੁਨਰਾਂ ਦਾ ਸਾਲੂ
ਪਾਵਾਂ ਕੀਲ ਕੇ ਪਟਾਰੀ ਵਿੱਚ ਨਾਗ
ਗਾਤਰਾ ਸਜਾ ਦੇ ਹੱਕੀ ਸੱਚੀ ਸ਼ਮਸ਼ੀਰ ਵਾਲਾ
ਫੇਰ ਦੇਖੀਂ ਲਾਡਲੀ ਦੇ ਭਾਗ
ਨੀਂ ਕਣਕਾਂ ਨਿੱਸਰੀਆਂ ਧੀਆਂ ਦੇਖੀਂ ਨਿੱਖਰੀਆਂ ਮਾਏ.!.......
ਦੋਵੇਂ: ਮਾਂਵਾਂ 'ਤੇ ਧੀਆਂ ਦੀ ਦੋਸਤੀ ਵੇ ਲੋਕੋ !
ਨਾ ਤੋੜਿਓ ਵੇ! ਜ਼ਹਿਰਾਂ ਦੇ ਨਾਲ
ਮਾਂਵਾਂ ਕਦੋਂ ਚਾਹੁੰਦੀਆਂ ਨੇ ਕੁੱਖਾਂ ਦਾ ਕਤਲ
ਉਹ ਤਾਂ ਚੁੱਪ ਥੋਡੇ ਕਹਿਰਾਂ ਦੇ ਨਾਲ
ਕਣਕਾਂ ਚਿੱਟੀਆਂ ਧੀਆਂ ਸਦਾ ! ਮਿੱਠੀਆਂ ਵੇ ਲੋਕੋ !
ਕਣਕਾਂ ਚਿੱਟੀਆਂ ਧੀਆਂ ਸਦਾ ਮਿੱਠੀਆਂ ਵੇ ਹਾਂ !