Sunday, November 18, 2012
ਤੇਰੇ ਲਈ ਬਹਾਰਾਂ ਦਾ ਨਗਮਾ ਬਣਾਂਗੀ
ਮੇਰੇ ਜਨਮ 'ਤੇ ਵੈਣ ਪਾ ਨਾ ਨੀਂ ਮਾਏ !
ਤੇਰੇ ਲਈ ਬਹਾਰਾਂ ਦਾ ਨਗਮਾ ਬਣਾਂਗੀ
ਸੀਨੇ ਦਾ ਪੱਥਰ ਨਾ ਆਖ ਵੇ ਬਾਬਲ!
ਸੀਨੇ ਲਈ ਤੇਰੇ ਮੈਂ ਤਗਮਾ ਬਣਾਂਗੀ
ਨਾ ਕੁੱਖ ਦੇ ਵਿੱਚ ਮਾਰੀਂ,ਨਾ ਪਿੱਛੋਂ ਵਿਸਾਰੀਂ
ਵੀਰੇ ਦੇ ਵਾਂਗਰ ਹੀ, ਬਚਪਨ ਸੁਆਰੀਂ
ਉੱਚੀਆਂ ਪੜ੍ਹਾਈਆ ਤੇ ਰੁਤਬੇ ਵੀ ਉੱਚੇ
ਮੈਂ ਕੋਈ ਵੱਖਰਾ ਮੁਜੱਸਮਾ ਬਣਾਂਗੀ
ਮੈਨੂੰ ਕਿਰਨ ਬੇਦੀ ਦਾ ਸਬਕ ਪੜ੍ਹਾ ਦੇ
ਮੱਥੇ ਦੇ ਵਿੱਚ ਕੋਈ ਦੀਵਾ ਜਗਾ ਦੇ
ਮੋਤੀਆ ਉੱਤਰੂ ਮੈਲੀ ਅੱਖ ਅੰਦਰ
ਮੈਂ ਕੋਈ ਐਸਾ ਕ੍ਰਿਸ਼ਮਾ ਬਣਾਂਗੀ
ਜਦੋਂ ਸ਼ਾਮਾਂ ਉੱਤਰ ਆਈਆਂ ਥੋਡੇ ਵਿਹੜੇ
ਇਕੱਲਾਂ ਉਦਾਸੀਆਂ ਨੇ ਲਾਏ ਡੇਰੇ
ਆਊਂਗੀ ਖੁਸ਼ੀਆਂ ਦੀ ਛਣਕਾਰ ਲੈ ਕੇ
ਮੈਂ ਹਾਸਾ ਸਗਮੇ ਦਾ ਸਗਮਾ ਬਣਾਂਗੀ
ਮੇਰੇ ਜਨਮ 'ਤੇ ਵੈਣ ਪਾ ਨਾ ਨੀਂ ਮਾਏ !
ਤੇਰੇ ਲਈ ਬਹਾਰਾਂ ਦਾ ਨਗਮਾ ਬਣਾਂਗੀ
ਸੀਨੇ ਦਾ ਪੱਥਰ ਨਾ ਆਖ ਵੇ ਬਾਬਲ!
ਸੀਨੇ ਲਈ ਤੇਰੇ ਮੈਂ ਤਗਮਾ ਬਣਾਂਗੀ ।
Subscribe to:
Post Comments (Atom)
No comments:
Post a Comment