ਕੁੱਖ ਵਿੱਚੋਂ ਇਕ ਕਿਰਨ ਫੁੱਟੀ ਤਾਂ
ਲੋਕੀ ਕਹਿਣ ਹਨ੍ਹੇਰਾ ਹੋਇਐ
ਦਾਦੀ ਆਖੇ, ਪੁੱਤ ਮੇਰੇ ਨਾਲ
ਧੱਕਾ ਬਹੁਤ ਵਡੇਰਾ ਹੋਇਐ
ਧੀ ਨਹੀਂ, ਇਹ ਤਾਂ ਪੱਥਰ ਡਿੱਗਿਐ
ਮੇਰੀ ਕੱਚ ਦੀ ਛੱਤ ਦੇ ਉੱਤੇ
ਮੇਰੇ ਲਾਡਾਂ ਪਾਲੇ ਉੱਤੇ
ਜ਼ੁਲਮ ਵਾਹਿਗੁਰੂ ਤੇਰਾ ਹੋਇਐ
ਭੂਆ ਆਖੇ, ਦਾਜ ਮੇਰੇ 'ਚੋਂ
ਇਹ ਤਾਂ ਅੱਧ ਵੰਡਾਵਣ ਆਈ
ਵੀਰਾ ਹੱਥ ਖਿਚੂਗਾ ਪਿੱਛੇ
ਜਦ ਖਰਚਣ ਦੀ ਵਾਰੀ ਆਈ
ਚਾਚਾ ਆਖੇ, ਜਦ ਇਹ ਵਿਆਹੀ
ਮੈਨੂੰ ਵੀ ਕੁਝ ਕਰਨਾ ਪੈਣੈਂ
ਲੋਕਲਾਜ ਲਈ,ਸ਼ਰਮੋ-ਸ਼ਰਮੀਂ
ਕੁਝ ਤਾਂ ਹੱਥ 'ਤੇ ਧਰਨਾ ਪੈਣੈਂ
ਜੰਮਣ-ਪੀੜਾਂ ਝੱਲਣ ਵਾਲੀ
ਫਿਕਰਾਂ ਨਾਲ ਨਿਢਾਲ ਪਈ ਹੈ
ਜਗਦੀਆਂ ਬੁਝਦੀਆਂ ਅੱਖਾਂ ਦੇ ਵਿੱਚ
ਲੈ ਕੇ ਇਕ ਸਵਾਲ ਪਈ ਹੈ
ਇਹ ਮੇਰਾ ਆਟੇ ਦਾ ਪੇੜਾ
ਕਾਂ ਚੂਹਿਆਂ ਤੋਂ ਕਿੰਜ ਬਚਾਵਾਂ?
ਹਵਸੀ ਨਜ਼ਰਾਂ ਤੋਂ ਬਚ ਜਾਵੇ
ਕਿਹੜਾ ਰੂਪ-ਪਲੇਥਣ ਲਾਵਾਂ?
ਇਹ ਮੇਰੇ ਆਂਗਣ ਦੀ ਤੁਲਸੀ
ਪਾਣੀ ਦੀ ਥਾਂ ਦੁੱਧ ਪਿਆਵਾਂ
ਇਹ ਕੋਈ ਦੇਵੀ ਭੁੱਲ ਕੇ ਆ'ਗੀ
ਇਹਦੇ ਵਾਰੇ ਵਾਰੇ ਜਾਵਾਂ
ਬਾਪੂ ਸੋਚੇ ਹੁਣ ਤਾਂ ਜਿੰਦੜੀ
ਵਿੱਚ ਗਮਾਂ ਦੇ ਫਸ ਜਾਣੀ ਹੈ
ਦਾਜ ਜੋੜਦਿਆਂ,ਵਰ ਲੋੜਦਿਆਂ
ਉਮਰ ਦੀ ਜੁੱਤੀ ਘਸ ਜਾਣੀ ਹੈ
ਫਿਰ ਵੀ ਦੁੱਖ ਤੋਂ ਬਚ ਜਾਏਗੀ
ਇਹ ਵੀ ਕੋਈ ਪਤਾ ਨਹੀਂ ਹੈ
ਸੁਖ ਦੀ ਮਹਿੰਦੀ ਰਚ ਜਾਏਗੀ
ਇਹ ਵੀ ਕੋਈ ਪਤਾ ਨਹੀਂ ਹੈ
ਮੈਂ ਮਾਲੀ, ਇਹ ਕਲੀ ਹੈ ਮੇਰੀ
ਕੂਲੀ ਰੂੰ ਦੇ ਗੋਹੜੇ ਵਰਗੀ
ਹੁਨਰਾਂ ਨਾਲ ਸਿੰਜੂਗਾ ਇਹਨੂੰ
ਸੋਹਣੀ ਨਿੱਕਲੂ ਲੋਹੜੇ ਵਰਗੀ
ਕੋਈ ਬਦ ਛੋਹ ਸਕੇ ਨਾ ਇਹਨੂੰ
ਬਦਨ 'ਚ ਬਿਜਲੀ ਜੜ ਦੇਵਾਂਗਾ
ਅੜ ਕੇ ਸਭ ਅਧਿਕਾਰ ਲੈ ਲਵੇ
ਏਨੀ ਤਕੜੀ ਕਰ ਦੇਵਾਂਗਾ
ਪਰ ਇਕ ਭੋਲੀ-ਭਾਲੀ ਸੂਰਤ
ਹਰ ਗੱਲ ਤੋਂ ਅਣਜਾਣ ਪਈ ਹੈ
ਨਿੱਕੀਆਂ ਨਿੱਕੀਆਂ ਬੁਲ੍ਹੀਆਂ ਉੱਤੇ
ਮਿੱਠੀ ਜਿਹੀ ਮੁਸਕਾਨ ਪਈ ਹੈ।
No comments:
Post a Comment