Monday, November 5, 2012

ਕਿਤਾਬ *ਨਾ!ਮੰਮੀ ਨਾ* ਦਾ ਰਿਲੀਜ਼ ਸਮਾਰੋਹ ਬੜੇ ਹੀ ਭਰਵੇਂ ਇਕੱਠ ਵਿੱਚ ਹੋਇਆ


                 25 ਅਪ੍ਰੈਲ 2004 ਨੂੰ ਗੁਰਮਖ ਸਿੰਘ ਮੁਸਾਫਿਰ ਆਡੀਟੋਰੀਅਮ ਵਿਖੇ ਕਿਤਾਬ *ਨਾ!ਮੰਮੀ ਨਾ*  ਦਾ ਰਿਲੀਜ਼ ਸਮਾਰੋਹ ਬੜੇ ਹੀ ਭਰਵੇਂ ਇਕੱਠ ਵਿੱਚ ਹੋਇਆ। ਦੂਰ ਦੂਰ ਤੋਂ ਸਾਹਿਤਕਾਰ ਅਤੇ ਵਲੰਟਰੀ ਸੰਸਥਾਵਾਂ ਦੇ  ਮੈਂਬਰ ਪਹੁੰਚੇ ਹੋਏ ਹੋਏ ਸਨ ।
                 ਸਭ  ਤੋਂ ਪਹਿਲਾਂ  ਡਾ: ਦਿਲਦੀਪ   ਅਤੇ ਰਮਨਦੀਪ ਚੱਠਾ ਨੇ ਭਰੂਣ ਹੱਤਿਆ ਨਾਲ ਸਬੰਧਤ ਬੜੇ ਹੀ ਦਿਲ ਟੁੰਬਵੇਂ ਗੀਤ ਗਾ ਕੇ ਮਾਹੌਲ ਸਿਰਜ ਦਿੱਤਾ।ਇਸ ਕਿਤਾਬ ਦੀ ਪਰੇਰਨਾ ਸਰੋਤ ਡਾ ਰਮਾ ਰਤਨ ਅਤੇ  ਡਾ: ਬਲਦੇਵ ਸਿੰਘ ਖਹਿਰਾ ਨੇ ਇਹ ਕਿਤਾਬ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੂੰ ਪੇਸ਼ ਕੀਤੀ। ਜਿਵੇਂ ਹੀ ਡੀ ਸੀ ਸਾਹਿਬ ਨੇ ਇਹ ਕਿਤਾਬ ਰਿਲੀਜ਼ ਕਰ ਕੇ ਸਭ ਦੇ ਸਨਮੁਖ ਕੀਤੀ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਇਸ ਰਸਮ ਵੇਲੇ ਉਹਨਾਂ ਦੇ ਨਾਲ ਸਾਬਕਾ ਮੇਅਰ ਤੇ ਪ੍ਰਧਾਨ ਸਿੱਖ ਨਾਰੀ ਮੰਚ ਸ੍ਰੀ ਮਤੀ ਹਰਜਿੰਦਰ ਕੌਰ, ਉੱਘੇ ਨਾਟਕਕਾਰ  ਡਾ: ਹਰਚਰਨ ਸਿੰਘ ,ਆਕਾਸ਼ਬਾਣੀ ਚੰਡੀਗੜ੍ਹ ਦੇ ਡਾਇਰੈਕਟਰ ਸ੍ਰੀ ਐਸ.ਕੇ.ਦੂਬੇ   ਤੇ ਡਾ:ਰਮਾ ਰਤਨ ਸ਼ਾਮਿਲ ਸਨ।
                   ਡਾ:ਗੁਰਮਿੰਦਰ ਸਿੱਧੂ ਨੇ ਇਸ ਤੇ ਅਧਾਰਿਤ ਗੀਤ 'ਮੈਨੂੰ ਨਾ ਤੂੰ ਮਾਰੀਂ ਮਾਂ !ਹਾੜ੍ਹਾ ਨਾ ਵਿਸਾਰੀਂ ਮਾਂ ਟੇਪ ਰਿਕਾਰਡਰ ਤੋਂ ਸੁਣਾਇਆ ਤਾਂ ਸਭ ਦੀਆਂ ਅੱਖਾਂ ਪੁਰਨਮ ਹੋ ਗਈਆਂ। ਪ੍ਰਸਿੱਧ ਸ਼ਾਇਰ ਅਤੇ ਬਾਲ-ਸਾਹਿਤ ਲੇਖਕ   ਸ: ਮਨਮੋਹਨ ਸਿੰਘ ਦਾਊਂ ਨੇ ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਇਸ ਵਿੱਚ ਲੱਗੀਆਂ ਲੇਖਕਾਂ  ਪਾਠਕਾਂ ,ਡਾਕਟਰਾਂ  ਦੀਆਂ  ਚਿੱਠੀਆਂ ਤੋਂ ਪਤਾ  ਲੱਗਦਾ ਹੈ ਕਿ  ਇਸ  ਕਿਤਾਬ  ਨੇ ਕਿੰਨੇ ਦਿਲਾਂ ਵਿੱਚ ਚੇਤਨਾ ਜਗਾਈ ਹੈ ।
              ਉੱਘੇ ਗਾਇਕਾਂ  ਕੇਵਲ ਮਾਣਕਪੁਰੀ,ਨਿਰਮਲ ਮਾਣਕ, ਗੁਰਿੰਦਰ ਰਿੰਕੂ ਤੇ ਸ਼ਾਇਰਾ ਤਾਰਨ ਗੁਜਰਾਲ ਨੇ ਇਸੇ ਕਿਤਾਬ ਵਿਚੋਂ ਗੀਤ ਸੁਣਾ ਕੇ ਸਰੋਤਿਆਂ ਦੀ ਭਰਵੀਂ ਦਾਦ ਲਈ।
            ਵਿਗਿਆਨਕ ਆਧਾਰ 'ਤੇ ਲੇਖ ਲਿਖਕੇ ਲੋਕ-ਚੇਤਨਾ ਜਗਾਉਣ ਵਾਲੇ ਪ੍ਰਸਿੱਧ ਲੇਖਕ ਡਾ: ਹਰਚੰਦ ਸਿੰਘ ਸਰਹਿੰਦੀ ਨੇ ਇਸ ਨੂੰ ਸ਼ਾਹਕਾਰ ਦੱਸਦਿਆਂ ਕਿਹਾ  ਕਿ ਇਹ ਕਿਤਾਬ*ਨਾ!ਮੰਮੀ ਨਾ* ਘਰ ਘਰ ਜਾਣੀ ਚਾਹੀਦੀ ਹੈ ਅਤੇ ਇਸ ਵਿੱਚ ਸ਼ਾਮਿਲ ਬੋਲੀਆਂ, ਗਿੱਧਾ, ਜਾਗੋ, ਨਾਟਕ ਆਦਿ ਪ੍ਰਸਤੁਤ ਕਰਕੇ ਸਕੂਲਾਂ ਕਾਲਜਾਂ ਤੇ ਹੋਰ ਅਦਾਰਿਆਂ ਨੂੰ ਭਰੂਣ ਹੱਤਿਆ ਖਿਲਾਫ ਜੂਝਣਾ ਚਾਹੀਦਾ ਹੈ।ਡਾ: ਗੁਰਮਿੰਦਰ ਸਿੱਧੂ ਨੇ ਇਸ ਕਿਤਾਬ ਦੇ ਬੜੇ ਹੀ ਭਾਵ-ਪੂਰਤ ਸਫੇ ਪੜ੍ਹਦਿਆਂ ਇੱਕ ਵਾਰ ਫਿਰ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।
           ਸ੍ਰੀ ਐਸ.ਕੇ .ਦੂਬੇ ਨੇ ਕਿਤਾਬ ਦੀ ਗੈਟ-ਅਪ ਤੇ ਪੇਸ਼ਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਡਾ: ਹਰਚਰਨ ਸਿੰਘ ਨੇ ਲੇਖਿਕਾ ਨੂੰ ਭਰਵੀਂ ਸ਼ਾਬਾਸ਼ ਦਿੱਤੀ।
          ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੇ ਕਿਹਾ ਕਿ ਡਾ: ਬਲਦੇਵ ਸਿੰਘ ਤੇ ਡਾ: ਗੁਰਮਿੰਦਰ ਸਿੱਧੂ ਸਹੀ ਅਰਥਾਂ ਵਿੱਚ ਇਸ ਕਿੱਤੇ ਲਈ ਤੇ ਮਨੁੱਖਤਾ ਲਈ ਮਿਸਾਲ ਹਨ। ਉਹਨਾਂ ਨੇ ਇਹ ਕਿਤਾਬ ਹੋਰ ਸੰਸਥਾਵਾਂ ਵਿੱਚ ਪਹੁੰਚਾਉਣ ਦੀ ਜ਼ਰੂਰਤ ਬਾਰੇ ਕਿਹਾ ਤੇ ਇਸ ਸਬੰਧੀ ਉਪਰਾਲੇ ਕਰਨ ਦਾ ਵਾਅਦਾ ਕਰਨ ਦਾ ਵਾਅਦਾ ਕੀਤਾ।
        ਸਾਬਕਾ ਮੇਅਰ ਸ੍ਰੀ ਮਤੀ ਹਰਜਿੰਦਰ ਕੌਰ ਨੇ ਕਿਹਾ ਕਿ ਡਾ: ਗੁਰੰਮੰਦਰ ਸਿੱਧੂ ਨੇ ਮਾਈ ਭਾਗੋ ਵਾਂਗ ਫਰਜ਼ ਅਦਾ ਕਰਕੇ ਆਪਾਂ ਸਾਰਿਆਂ ਨੂੰ ਸੁਚੇਤ ਕੀਤਾ ਹੈ ,ਇਹ ਕਿਤਾਬ ਸਾਰਿਆਂ ਨੂੰ ਖਰੀਦ ਕੇ ਪੜ੍ਹਨੀ ਚਾਹੀਦੀ ਹੈ ਅਤੇ ਡੀ ਪੀ ਆਈ ਵੱਲੋਂ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ।


        

No comments:

Post a Comment