Friday, November 9, 2012

ਤੁਸੀਂ ਸਾਰੇ ਕਿੱਥੇ ਓ ?

ਤੁਸੀਂ ਸਾਰੇ ਕਿੱਥੇ ਓ ?
                     

ਇੱਕ ਸਿਸਕੀ ਇਹ ਵੀ ਸੁਣੋ!

ਤੁਹਾਡੇ ਘਰ
ਅਗਲੇ ਘਰ
ਜਾਂ ਅਗਲੇਰੇ ਘਰ
ਕੁੱਖ ਦੇ ਅੰਨ੍ਹੇ ਖੂਹ ਵਿੱਚ ਬੈਠੀ
ਇੱਕ ਮਾਸੂਮ ਬੱਚੀ
ਸਹਿਮੀਆਂ ਸਹਿਮੀਆਂ ਨਿਗਾਹਾਂ ਨਾਲ
ਤੱਕ ਰਹੀ ਹੈ ਤੁਹਾਡੇ ਵੱਲ

ਇੱਕ ਨਿੱਕੀ ਜਿਹੀ ' ਪ੍ਰਿੰਸੈਸ '
ਜਿਹਦੇ ਪੀਣ ਲਈ, ਪਾਣੀ ਨਹੀਂ
ਜ਼ਹਿਰ ਦਾ ਡੋਲੂ ਘੱਲਿਆ ਜਾ ਰਿਹੈ

ਦੁੱਧ-ਬਿਸਕੁਟ ਨਹੀਂ
ਮੌਤ ਦੀ ਰੋਟੀ ਭੇਜੀ ਜਾ ਰਹੀ ਹੈ
ਤੇ ਖੋਹੀ ਜਾ ਰਹੀ ਹੈ ਆਕਸੀਜਨ
ਜਿਸਦੇ ਨਿਰਦੋਸ਼ ਸਾਹਾਂ ਵਿੱਚੋਂ

ਕਿਸੇ ਸੁਰੰਗ ਵਿੱਚੋਂ ਵਧ ਰਹੇ ਨੇ
ਦੋ ਵੱਡੇ ਵੱਡੇ ਹੱਥ
ਉਹਦਾ ਗਲਾ ਘੁੱਟਣ ਲਈ

ਤੇ ਉਹ ਨਿੱਕੀ ਜਿਹੀ ਕੁੜੀ
ਜਿਉਣਾ ਚਾਹੁੰਦੀ ਹੈ

ਜ਼ਰਾ ਤੱਕੋ ਤਾਂ ਸਹੀ !
ਸੁਫਨਿਆਂ ਦੀਆਂ ਮਤਾਬੀਆਂ
ਤੇ ਆਸਾਂ ਦੇ ਸਿਤਾਰਿਆਂ ਨਾਲ ਚਮਕਦੀਆਂ
ਉਹਦੀਆਂ ਸਿੱਲ੍ਹੀਆਂ ਸਿੱਲ੍ਹੀਆਂ ਅੱਖਾਂ

ਉਹ ਤੁਹਾਨੂੰ ਹੀ ਉਡੀਕ ਰਹੀ ਹੈ
ਤੇ ਤੁਸੀਂ ਸਾਰੇ ਕਿੱਥੇ ਓ?
ਕਿੱਥੇ ਓ ?





1 comment: