Wednesday, November 21, 2012

ਕੁੱਖ ਵਿਚਲੀ ਧੀ ਲਈ:


 ਤੂੰ ਆ ਹਰਿੱਕ ਵਿਹੜੇ ਵਿੱਚ
             ਪੁੰਨਿਆ ਦੀ ਰਾਤ ਬਣ ਕੇ
 ਆਵਣਗੇ ਇਕ ਦਿਨ ਤਾਰੇ
                  ਤੇਰੀ ਬਰਾਤ ਬਣ ਕੇ

  ਤੂੰ  ਖਿੜ ਹਰਿੱਕ ਵਿਹੜੇ  ਵਿੱਚ
            ਸੱਜਰਾ  ਗੁਲਾਬ ਬਣ ਕੇ
ਅੰਮੜੀ ਦੇ ਹਉਕਿਆਂ ਲਈ
             ਹੱਸਦਾ ਜਵਾਬ ਬਣ ਕੇ

ਆ ਵੀਰ ਦੇ ਸਿਹਰੇ ਲਈ
            ਕਿਰਨਾਂ ਦੀ ਤੰਦ ਬਣ ਕੇ
ਆ ਭੈਣ ਲਈ ਸ਼ਗਨਾਂ ਦਾ
           ਕੋਈ ਬਾਜ਼ੂਬੰਦ ਬਣ ਕੇ

ਉੱਡ ਬਾਗ ਵਿੱਚ ਬਾਬਲ ਦੇ
       ਸੱਧਰਾਂ ਦੀ ਤਿਤਲੀ ਬਣਕੇ
 ਜ਼ੁਲਮਾਂ ਦੇ ਬੱਦਲਾਂ'ਚੋਂ
       ਲੰਘ ਜਾਈਂ ਬਿਜਲੀ ਬਣ ਕੇ

ਤੂੰ ਰਾਜ-ਭਾਗ ਮਾਣੇ
          ਖਲਕਤ ਸਵਾਲੀ ਹੋਵੇ
ਹਰ ਘਰ'ਚ ਤੇਰੇ ਵਰਗੀ
      ਕੋਈ ਕਰਮਾਂ ਵਾਲੀ ਹੋਵੇ।

ਜ਼ਿੰਦਗੀ ਦੇ ਸਫਰ ਅੰਦਰ
           ਔਖੀ ਘੜੀ  ਨਾ ਆਵੇ
ਰੱਬ ਤੇਰੀ ਝੋਲੀ  ਦੇ ਵਿੱਚ
           ਖ਼ੁਸ਼ੀਆਂ ਹਜ਼ਾਰਾਂ ਪਾਵੇ







ਸ਼ਾਵਾ ਬਈ ਹੁਣ ਜਾਗੋ ਆਈ ਆ.....

ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.....

ਜਾਗਣ ਤੇਰੇ ਭਾਗ ਬਈ! ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....


ਧੀਆਂ ਮੋਹ ਦੇ  ਦੀਵੇ ਬਾਲੇ
ਅੱਥਰੂ ਤੇਲ ਬਣਾ ਕੇ ਜਾਲੇ
ਸਿਰ'ਤੇ ਚੁੱਕ ਚਾਨਣ ਦੀ ,ਗਾਗਰ ਗਲੀ ਗਲੀ ਰੁਸ਼ਨਾਈ ਆ
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ......

ਧੀਆਂ ਨੇ ਸੁਖ ਤੇਰੀ  ਮੰਗਣੀ
ਪੀੜ ਇਹਨਾਂ ਹੀ ਤੇਰੀ ਵੰਡਣੀ
ਕਿਉਂ ਧੀਆਂ ਦੀਆਂ ਧੌਣਾਂ ਉਤੇ ਆਰੀ ਤੂੰ ਚਲਵਾਈ ਆ ?
ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ.....

ਭੁੱਲਿਆ ਲੋਕਾ ! ਧਰਮ ਕਮਾ ਲੈ
ਕੰਨਿਆ ਦੇਵੀ ਹਿੱਕ ਨਾਲ ਲਾ ਲੈ
ਕਿਉਂ ਪਾਪਾਂ ਦਾ ਚੋਗਾ ਚੁਗਦੈਂ? ਕਿਉਂ ਮਮਤਾ ਕੁਮਲਾਈ ਆ?
ਬਈ ਹੁਣ ਜਾਗੋ ਆਈ ਆ
ਸ਼ਾਵਾ ਬਈ ਹੁਣ ਜਾਗੋ ਆਈ ਆ

ਸ਼ਹਿਰਾ! ਜਾਗ ਬਈਆ ਹੁਣ ਜਾਗੋ ਆਈ ਆ..
ਬੱਲੇ ਬਈ ਹੁਣ ਜਾਗੋ ਆਈ ਆ.....
ਪਿੰਡਾ! ਜਾਗ ਬਈਆ! ਹੁਣ ਜਾਗੋ ਆਈ ਆ..
ਸ਼ਾਵਾ ਬਈ ਹੁਣ ਜਾਗੋ ਆਈ ਆ.।






Tuesday, November 20, 2012

' ਚਿੜੀ ਦੀ ਅੰਬਰ ਵੱਲ ਉਡਾਣ '

                                                             ਗੁਰਮਿੰਦਰ ਸਿੱਧੂ ਦੀਆਂ ਕਿਤਾਬਾਂ ' ਤਾਰਿਆਂ ਦੀ ਛਾਵੇਂ ' 'ਮੱਸਿਆ ਤੇ ਗੁਲਾਬੀ ਲੋਅ', 'ਬੁੱਕਲ ਵਿਚਲੇ ਸੂਰਜ'ਵਿਚਲੀਆਂ ਕਵਿਤਾਵਾਂ ਤੇ ਆਧਾਰਿਤ ਨਾਟਕ ' ਚਿੜੀ ਦੀ ਅੰਬਰ ਵੱਲ ਉਡਾਣ ' ਮਸ਼ਹੂਰ ਸਟੇਜ,ਟੀ.ਵੀ ਤੇ ਫਿਲਮ-ਅਦਾਕਾਰਾ ਅਨੀਤਾ ਸ਼ਬਦੀਸ਼ ਵੱਲੋਂ ਦੇਸ਼-ਵਿਦੇਸ਼ ਦੀਆਂ ਸਟੇਜਾਂ ਉੱਤੇ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾ ਰਿਹਾ ਹੈ।ਇਹ ਨਾਟਕ ਖੇਡਣ ਦੀ ਪ੍ਰੇਰਨਾ ਪੰਜਾਬੀ ਨਾਟਕ ਦੇ ਯੁਗ-ਪੁਰਸ਼ ਭਾਅ ਜੀ ਗੁਰਸ਼ਰਨ ਸਿੰਘ ਨੇ ਦਿੱਤੀ ਜਿਸਨੂੰ ਪ੍ਰਸਿੱਧ ਸ਼ਾਇਰ ਸ਼ਬਦੀਸ਼ ਨੇ ਆਪਣੀ ਕਲਪਨਾ ,ਕਾਵਿ ਕਲਾ ਤੇ ਹੁਨਰ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਨਾਟਕੀ ਰੂਪ ਦਿੱਤਾ।ਵੱਖ-ਵੱਖ ਅਖਬਾਰਾਂ ਵਿੱਚ ਛਪਦੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਇਹ  ਨਾਟਕ ਦੇਖਦਿਆਂ ਅਕਸਰ ਲੋਕਾਂ ਦੀਆਂ ਸਿਸਕੀਆਂ ਸੁਣਦੀਆਂ ਨੇ ਤੇ ਅੰਤ ਤੱਕ ਪਹੁੰਚਦਿਆਂ ਕੁੜੀਆਂ ਨੂੰ ਤਕੜੀਆਂ ਕਰਕੇ ਅੱਤਿਆਚਾਰਾਂ ਨਾਲ ਜੂਝਣ ਦਾ ਜਜ਼ਬਾ ਉਹਨਾਂ ਅੰਦਰ ਪ੍ਰਬਲ ਹੋ ਉੱਠਦਾ ਹੈ
                                         ਦਸੰਬਰ-11 ਤੱਕ ਇਸਦੇ ਕਰੀਬ 82 ਸ਼ੋਅ ਭਾਰਤ ਵਿੱਚ ਤੇ 6 ਸ਼ੋਅ ਇੰਗਲੈਂਡ ਵਿੱਚ ਹੋ ਚੁੱਕੇ ਹਨ।

 

Monday, November 19, 2012

ਹਰਪ੍ਰੀਤ ਟਾਕ-ਸ਼ੋਅ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼


ਜੁਆਇ ਟੀ.ਵੀ ਅਤੇ ਅਕਾਲ ਟੀ.ਵੀ ਦੇ
                            
                                     ' ਹਰਪ੍ਰੀਤ ਟਾਕ-ਸ਼ੋਅ'  ਰਾਹੀਂ
                                       
                                                        ਬੱਚੀਆਂ ਦੀ ਹੱਤਿਆ ਦੇ ਖਿਲਾਫ
                                              
                                                                     ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼

ਧੀ ਦਾ ਜਨਮ



ਕੁੱਖ ਵਿੱਚੋਂ ਇਕ ਕਿਰਨ ਫੁੱਟੀ ਤਾਂ

ਲੋਕੀ ਕਹਿਣ ਹਨ੍ਹੇਰਾ ਹੋਇਐ
ਦਾਦੀ ਆਖੇ, ਪੁੱਤ ਮੇਰੇ ਨਾਲ
ਧੱਕਾ ਬਹੁਤ ਵਡੇਰਾ ਹੋਇਐ

ਧੀ ਨਹੀਂ, ਇਹ ਤਾਂ ਪੱਥਰ ਡਿੱਗਿਐ
ਮੇਰੀ ਕੱਚ ਦੀ ਛੱਤ ਦੇ ਉੱਤੇ
ਮੇਰੇ ਲਾਡਾਂ ਪਾਲੇ ਉੱਤੇ
ਜ਼ੁਲਮ ਵਾਹਿਗੁਰੂ ਤੇਰਾ ਹੋਇਐ

ਭੂਆ ਆਖੇ, ਦਾਜ ਮੇਰੇ  'ਚੋਂ 
ਇਹ ਤਾਂ ਅੱਧ ਵੰਡਾਵਣ ਆਈ
ਵੀਰਾ ਹੱਥ ਖਿਚੂਗਾ ਪਿੱਛੇ
ਜਦ ਖਰਚਣ ਦੀ ਵਾਰੀ ਆਈ

ਚਾਚਾ ਆਖੇ, ਜਦ ਇਹ ਵਿਆਹੀ
ਮੈਨੂੰ ਵੀ ਕੁਝ ਕਰਨਾ ਪੈਣੈਂ
ਲੋਕਲਾਜ ਲਈ,ਸ਼ਰਮੋ-ਸ਼ਰਮੀਂ
ਕੁਝ ਤਾਂ ਹੱਥ 'ਤੇ ਧਰਨਾ ਪੈਣੈਂ

ਜੰਮਣ-ਪੀੜਾਂ ਝੱਲਣ ਵਾਲੀ
ਫਿਕਰਾਂ ਨਾਲ ਨਿਢਾਲ ਪਈ ਹੈ
ਜਗਦੀਆਂ ਬੁਝਦੀਆਂ ਅੱਖਾਂ ਦੇ ਵਿੱਚ
ਲੈ ਕੇ ਇਕ ਸਵਾਲ ਪਈ ਹੈ

ਇਹ ਮੇਰਾ ਆਟੇ ਦਾ ਪੇੜਾ
ਕਾਂ ਚੂਹਿਆਂ ਤੋਂ ਕਿੰਜ ਬਚਾਵਾਂ?
ਹਵਸੀ ਨਜ਼ਰਾਂ ਤੋਂ ਬਚ ਜਾਵੇ
ਕਿਹੜਾ ਰੂਪ-ਪਲੇਥਣ ਲਾਵਾਂ?

ਇਹ ਮੇਰੇ ਆਂਗਣ ਦੀ ਤੁਲਸੀ
ਪਾਣੀ ਦੀ ਥਾਂ ਦੁੱਧ ਪਿਆਵਾਂ
ਇਹ ਕੋਈ ਦੇਵੀ ਭੁੱਲ ਕੇ ਆ'ਗੀ
ਇਹਦੇ ਵਾਰੇ ਵਾਰੇ ਜਾਵਾਂ

ਬਾਪੂ ਸੋਚੇ ਹੁਣ ਤਾਂ ਜਿੰਦੜੀ
ਵਿੱਚ ਗਮਾਂ ਦੇ ਫਸ ਜਾਣੀ ਹੈ
ਦਾਜ ਜੋੜਦਿਆਂ,ਵਰ ਲੋੜਦਿਆਂ
ਉਮਰ ਦੀ ਜੁੱਤੀ ਘਸ ਜਾਣੀ ਹੈ

ਫਿਰ ਵੀ ਦੁੱਖ ਤੋਂ ਬਚ ਜਾਏਗੀ
ਇਹ ਵੀ ਕੋਈ ਪਤਾ ਨਹੀਂ ਹੈ
ਸੁਖ ਦੀ ਮਹਿੰਦੀ ਰਚ ਜਾਏਗੀ
ਇਹ ਵੀ ਕੋਈ ਪਤਾ ਨਹੀਂ ਹੈ

ਮੈਂ ਮਾਲੀ, ਇਹ ਕਲੀ ਹੈ ਮੇਰੀ
ਕੂਲੀ ਰੂੰ ਦੇ ਗੋਹੜੇ ਵਰਗੀ
ਹੁਨਰਾਂ ਨਾਲ ਸਿੰਜੂਗਾ ਇਹਨੂੰ
ਸੋਹਣੀ ਨਿੱਕਲੂ ਲੋਹੜੇ ਵਰਗੀ

ਕੋਈ ਬਦ ਛੋਹ ਸਕੇ ਨਾ ਇਹਨੂੰ
ਬਦਨ 'ਚ ਬਿਜਲੀ ਜੜ ਦੇਵਾਂਗਾ
ਅੜ ਕੇ ਸਭ ਅਧਿਕਾਰ ਲੈ ਲਵੇ
ਏਨੀ ਤਕੜੀ ਕਰ ਦੇਵਾਂਗਾ

ਪਰ ਇਕ ਭੋਲੀ-ਭਾਲੀ ਸੂਰਤ
ਹਰ ਗੱਲ ਤੋਂ ਅਣਜਾਣ ਪਈ ਹੈ
ਨਿੱਕੀਆਂ ਨਿੱਕੀਆਂ ਬੁਲ੍ਹੀਆਂ ਉੱਤੇ
ਮਿੱਠੀ ਜਿਹੀ ਮੁਸਕਾਨ ਪਈ ਹੈ। 



Sunday, November 18, 2012

ਤੇਰੇ ਲਈ ਬਹਾਰਾਂ ਦਾ ਨਗਮਾ ਬਣਾਂਗੀ


ਮੇਰੇ ਜਨਮ 'ਤੇ  ਵੈਣ ਪਾ ਨਾ ਨੀਂ ਮਾਏ !
ਤੇਰੇ  ਲਈ ਬਹਾਰਾਂ  ਦਾ ਨਗਮਾ ਬਣਾਂਗੀ
ਸੀਨੇ ਦਾ  ਪੱਥਰ ਨਾ  ਆਖ ਵੇ ਬਾਬਲ!
ਸੀਨੇ ਲਈ  ਤੇਰੇ  ਮੈਂ  ਤਗਮਾ ਬਣਾਂਗੀ 

ਨਾ ਕੁੱਖ ਦੇ ਵਿੱਚ ਮਾਰੀਂ,ਨਾ ਪਿੱਛੋਂ ਵਿਸਾਰੀਂ
ਵੀਰੇ  ਦੇ  ਵਾਂਗਰ  ਹੀ, ਬਚਪਨ  ਸੁਆਰੀਂ
ਉੱਚੀਆਂ  ਪੜ੍ਹਾਈਆ ਤੇ  ਰੁਤਬੇ ਵੀ ਉੱਚੇ
ਮੈਂ  ਕੋਈ   ਵੱਖਰਾ  ਮੁਜੱਸਮਾ  ਬਣਾਂਗੀ

ਮੈਨੂੰ  ਕਿਰਨ ਬੇਦੀ  ਦਾ ਸਬਕ ਪੜ੍ਹਾ ਦੇ
ਮੱਥੇ  ਦੇ  ਵਿੱਚ  ਕੋਈ  ਦੀਵਾ ਜਗਾ ਦੇ
ਮੋਤੀਆ  ਉੱਤਰੂ   ਮੈਲੀ  ਅੱਖ ਅੰਦਰ
ਮੈਂ  ਕੋਈ   ਐਸਾ   ਕ੍ਰਿਸ਼ਮਾ  ਬਣਾਂਗੀ

ਜਦੋਂ ਸ਼ਾਮਾਂ ਉੱਤਰ ਆਈਆਂ ਥੋਡੇ ਵਿਹੜੇ
ਇਕੱਲਾਂ  ਉਦਾਸੀਆਂ  ਨੇ   ਲਾਏ  ਡੇਰੇ
ਆਊਂਗੀ  ਖੁਸ਼ੀਆਂ  ਦੀ  ਛਣਕਾਰ ਲੈ ਕੇ
ਮੈਂ  ਹਾਸਾ  ਸਗਮੇ ਦਾ ਸਗਮਾ ਬਣਾਂਗੀ

ਮੇਰੇ ਜਨਮ 'ਤੇ  ਵੈਣ ਪਾ ਨਾ ਨੀਂ ਮਾਏ !
ਤੇਰੇ  ਲਈ ਬਹਾਰਾਂ  ਦਾ ਨਗਮਾ ਬਣਾਂਗੀ
ਸੀਨੇ ਦਾ  ਪੱਥਰ ਨਾ  ਆਖ ਵੇ ਬਾਬਲ!
ਸੀਨੇ ਲਈ  ਤੇਰੇ  ਮੈਂ  ਤਗਮਾ ਬਣਾਂਗੀ ।




Friday, November 9, 2012

ਤੁਸੀਂ ਸਾਰੇ ਕਿੱਥੇ ਓ ?

ਤੁਸੀਂ ਸਾਰੇ ਕਿੱਥੇ ਓ ?
                     

ਇੱਕ ਸਿਸਕੀ ਇਹ ਵੀ ਸੁਣੋ!

ਤੁਹਾਡੇ ਘਰ
ਅਗਲੇ ਘਰ
ਜਾਂ ਅਗਲੇਰੇ ਘਰ
ਕੁੱਖ ਦੇ ਅੰਨ੍ਹੇ ਖੂਹ ਵਿੱਚ ਬੈਠੀ
ਇੱਕ ਮਾਸੂਮ ਬੱਚੀ
ਸਹਿਮੀਆਂ ਸਹਿਮੀਆਂ ਨਿਗਾਹਾਂ ਨਾਲ
ਤੱਕ ਰਹੀ ਹੈ ਤੁਹਾਡੇ ਵੱਲ

ਇੱਕ ਨਿੱਕੀ ਜਿਹੀ ' ਪ੍ਰਿੰਸੈਸ '
ਜਿਹਦੇ ਪੀਣ ਲਈ, ਪਾਣੀ ਨਹੀਂ
ਜ਼ਹਿਰ ਦਾ ਡੋਲੂ ਘੱਲਿਆ ਜਾ ਰਿਹੈ

ਦੁੱਧ-ਬਿਸਕੁਟ ਨਹੀਂ
ਮੌਤ ਦੀ ਰੋਟੀ ਭੇਜੀ ਜਾ ਰਹੀ ਹੈ
ਤੇ ਖੋਹੀ ਜਾ ਰਹੀ ਹੈ ਆਕਸੀਜਨ
ਜਿਸਦੇ ਨਿਰਦੋਸ਼ ਸਾਹਾਂ ਵਿੱਚੋਂ

ਕਿਸੇ ਸੁਰੰਗ ਵਿੱਚੋਂ ਵਧ ਰਹੇ ਨੇ
ਦੋ ਵੱਡੇ ਵੱਡੇ ਹੱਥ
ਉਹਦਾ ਗਲਾ ਘੁੱਟਣ ਲਈ

ਤੇ ਉਹ ਨਿੱਕੀ ਜਿਹੀ ਕੁੜੀ
ਜਿਉਣਾ ਚਾਹੁੰਦੀ ਹੈ

ਜ਼ਰਾ ਤੱਕੋ ਤਾਂ ਸਹੀ !
ਸੁਫਨਿਆਂ ਦੀਆਂ ਮਤਾਬੀਆਂ
ਤੇ ਆਸਾਂ ਦੇ ਸਿਤਾਰਿਆਂ ਨਾਲ ਚਮਕਦੀਆਂ
ਉਹਦੀਆਂ ਸਿੱਲ੍ਹੀਆਂ ਸਿੱਲ੍ਹੀਆਂ ਅੱਖਾਂ

ਉਹ ਤੁਹਾਨੂੰ ਹੀ ਉਡੀਕ ਰਹੀ ਹੈ
ਤੇ ਤੁਸੀਂ ਸਾਰੇ ਕਿੱਥੇ ਓ?
ਕਿੱਥੇ ਓ ?





Thursday, November 8, 2012

Na ! Mummy Na !: ਪ੍ਰਸਿੱਧ ਗਾਇਕ ਕੇਵਲ ਮਾਣਕਪੁਰੀ ਕਿਤਾਬ' ਨਾ!ਮੰਮੀ ਨਾ'ਵਿੱਚੋ...

Na ! Mummy Na !: ਪ੍ਰਸਿੱਧ ਗਾਇਕ ਕੇਵਲ ਮਾਣਕਪੁਰੀ ਕਿਤਾਬ' ਨਾ!ਮੰਮੀ ਨਾ'ਵਿੱਚੋ...: ਸੋਨੇ ਦੀ ਇੱਟ ਬਾਬਲਾ !         ਤੇਰੇ ਹੱਥ ਫੈਸਲੇ ਦਿੱਤੇ               ਏਡੇ ਜ਼ੁਲਮ ਨਾ ਲਿਖ ਬਾਬਲਾ ! ਇਹ ਸੁਗਾਤਾਂ ਰੱਬ ਦਿੱਤੀਆਂ              ਮਾਏ! ਤੇਰਾ ...

Wednesday, November 7, 2012

ਕੰਨਿਆ ਭਰੂਣ-ਹੱਤਿਆ-ਰੋਕਣ ਲਈ ਵੱਖ-ਵੱਖ ਤਰ੍ਹਾਂ ਦੀਆਂ ਰਚਨਾਵਾਂ ਵਾਲੀ ਕਿਤਾਬ * ਨਾ!ਮੰਮੀ ਨਾ * ਦਾ ਰਿਲੀਜ਼ ਸਮਾਰੋਹ




   ਮੁਹੱਬਤ ਧਰਤ ,ਕੰਧਾਂ ,ਤੇ ਮੁਹਬਤ ਦੀ ਹੀ ਛੱਤ ਦੇਣੀ
ਕਿਸੇ ਨਹੀਂ ਵਾਂਗਰਾਂ ਤੇਰੇ ਵਫਾ ਨੂੰ ਵਰਤਿਆ ਹੋਣਾ
                                  ਧੀਆਂ ਨੂੰ ਬਚਾਉਣ ਦੀ ਮੁਹਿੰਮ ਵਿੱਚ ਹਰ ਕਦਮ 'ਤੇ ਮੇਰਾ ਸਾਥ ਦੇਣ ਵਾਲੇ, ਮੇਰੇ ਪ੍ਰੇਰਨਾ-ਸਰੋਤ, ਮੈਨੂੰ ਉਤਸ਼ਾਹ ਦੇਣ ਵਾਲੇ ,ਮੇਰੇ ਜੀਵਨ-ਸਾਥੀ ਡਾ: ਬਲਦੇਵ ਸਿੰਘ ਖਹਿਰਾ ,
                                                           ਮੇਰਾ ਬੇਟਾ ਰਿਸ਼ਮਦੀਪ , ਬੇਟੀ ਦਿਲਦੀਪ ਤੇ ਪਰਿਵਾਰ ਦੇ ਹੋਰ ਮੈਂਬਰ
ਆਈਆਂ ਸ਼ਖਸ਼ੀਅਤਾਂ ਦਾ ਫੁੱਲਾਂ ਨਾਲ ਸਵਾਗਤ ਕਰਦੇ ਹੋਏ



Monday, November 5, 2012

ਇਸ ਕਿਤਾਬ ਨੂੰ ਲੋਕ-ਅਰਪਣ ਕਰਨ ਦਾ ਪਹਿਲਾ ਸ਼ਗਨ ਡਾ: ਬਲਦੇਵ ਸਿੰਘ ਵਲੋਂ:

ਮੇਰੇ ਜੀਵਨ-ਸਾਥੀ ਡਾ: ਬਲਦੇਵ ਸਿੰਘ ਖਹਿਰਾ,ਜਿਹਨਾਂ ਨੇ1988 ਵਿੱਚ ਇਸ ਸਮਾਜਿਕ ਬੁਰਾਈ/ਇਸ ਅਣਮਨੁੱਖੀ ਵਤੀਰੇ  ਦੀ ਕਨਸੋਅ ਮਿਲਦਿਆਂ ਹੀ ਇਸਨੂੰ ਖਤਮ ਕਰਨ ਲਈ ਮੈਨੂੰ ਲਿਖਣ ਦੀ ਪ੍ਰੇਰਨਾ ਦਿੱਤੀ,ਤੇ ਫਿਰ ਇਸ ਮੁਹਿੰਮ ਵਿੱਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ..ਕਿ ਅਸੀਂ ਦੋਵੇਂ ਹੁਣ ਤੱਕ ਹੋਰ ਸਾਥੀਆਂ ਨਾਲ ਮਿਲ ਕੇ ਕੁਝ ਨਾ ਕੁਝ ਕਰ ਸਕੇ ਹਾਂ,ਭਾਵੇਂ ਗਿਣਤੀ ਦੀਆਂ ਹੀ ਸਹੀ,ਪਰ ਕੁਝ ਬੱਚੀਆਂ ਬਚਾ ਸਕੇ ਹਾਂ, ਲੋਕਾਂ ਨੂੰ ਧੀਆਂ ਦੀ ਕਦਰ ਕਰਨ ਲਈ ਪਰੇਰ ਸਕੇ ਹਾਂ,ਤੇ ਅਜੇ ਵੀ ਆਪਣੀ ਸਮਰੱਥਾ ਅਨੁਸਾਰ ਗਤੀਸ਼ੀਲ ਹਾਂ:


ਇਸ ਕਿਤਾਬ ਨੂੰ ਲੋਕ-ਅਰਪਣ ਕਰਨ ਦਾ ਪਹਿਲਾ ਸ਼ਗਨ ਡਾ: ਬਲਦੇਵ ਸਿੰਘ ਵਲੋਂ:


 

ਕਿਤਾਬ *ਨਾ!ਮੰਮੀ ਨਾ* ਦਾ ਰਿਲੀਜ਼ ਸਮਾਰੋਹ ਬੜੇ ਹੀ ਭਰਵੇਂ ਇਕੱਠ ਵਿੱਚ ਹੋਇਆ


                 25 ਅਪ੍ਰੈਲ 2004 ਨੂੰ ਗੁਰਮਖ ਸਿੰਘ ਮੁਸਾਫਿਰ ਆਡੀਟੋਰੀਅਮ ਵਿਖੇ ਕਿਤਾਬ *ਨਾ!ਮੰਮੀ ਨਾ*  ਦਾ ਰਿਲੀਜ਼ ਸਮਾਰੋਹ ਬੜੇ ਹੀ ਭਰਵੇਂ ਇਕੱਠ ਵਿੱਚ ਹੋਇਆ। ਦੂਰ ਦੂਰ ਤੋਂ ਸਾਹਿਤਕਾਰ ਅਤੇ ਵਲੰਟਰੀ ਸੰਸਥਾਵਾਂ ਦੇ  ਮੈਂਬਰ ਪਹੁੰਚੇ ਹੋਏ ਹੋਏ ਸਨ ।
                 ਸਭ  ਤੋਂ ਪਹਿਲਾਂ  ਡਾ: ਦਿਲਦੀਪ   ਅਤੇ ਰਮਨਦੀਪ ਚੱਠਾ ਨੇ ਭਰੂਣ ਹੱਤਿਆ ਨਾਲ ਸਬੰਧਤ ਬੜੇ ਹੀ ਦਿਲ ਟੁੰਬਵੇਂ ਗੀਤ ਗਾ ਕੇ ਮਾਹੌਲ ਸਿਰਜ ਦਿੱਤਾ।ਇਸ ਕਿਤਾਬ ਦੀ ਪਰੇਰਨਾ ਸਰੋਤ ਡਾ ਰਮਾ ਰਤਨ ਅਤੇ  ਡਾ: ਬਲਦੇਵ ਸਿੰਘ ਖਹਿਰਾ ਨੇ ਇਹ ਕਿਤਾਬ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੂੰ ਪੇਸ਼ ਕੀਤੀ। ਜਿਵੇਂ ਹੀ ਡੀ ਸੀ ਸਾਹਿਬ ਨੇ ਇਹ ਕਿਤਾਬ ਰਿਲੀਜ਼ ਕਰ ਕੇ ਸਭ ਦੇ ਸਨਮੁਖ ਕੀਤੀ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਇਸ ਰਸਮ ਵੇਲੇ ਉਹਨਾਂ ਦੇ ਨਾਲ ਸਾਬਕਾ ਮੇਅਰ ਤੇ ਪ੍ਰਧਾਨ ਸਿੱਖ ਨਾਰੀ ਮੰਚ ਸ੍ਰੀ ਮਤੀ ਹਰਜਿੰਦਰ ਕੌਰ, ਉੱਘੇ ਨਾਟਕਕਾਰ  ਡਾ: ਹਰਚਰਨ ਸਿੰਘ ,ਆਕਾਸ਼ਬਾਣੀ ਚੰਡੀਗੜ੍ਹ ਦੇ ਡਾਇਰੈਕਟਰ ਸ੍ਰੀ ਐਸ.ਕੇ.ਦੂਬੇ   ਤੇ ਡਾ:ਰਮਾ ਰਤਨ ਸ਼ਾਮਿਲ ਸਨ।
                   ਡਾ:ਗੁਰਮਿੰਦਰ ਸਿੱਧੂ ਨੇ ਇਸ ਤੇ ਅਧਾਰਿਤ ਗੀਤ 'ਮੈਨੂੰ ਨਾ ਤੂੰ ਮਾਰੀਂ ਮਾਂ !ਹਾੜ੍ਹਾ ਨਾ ਵਿਸਾਰੀਂ ਮਾਂ ਟੇਪ ਰਿਕਾਰਡਰ ਤੋਂ ਸੁਣਾਇਆ ਤਾਂ ਸਭ ਦੀਆਂ ਅੱਖਾਂ ਪੁਰਨਮ ਹੋ ਗਈਆਂ। ਪ੍ਰਸਿੱਧ ਸ਼ਾਇਰ ਅਤੇ ਬਾਲ-ਸਾਹਿਤ ਲੇਖਕ   ਸ: ਮਨਮੋਹਨ ਸਿੰਘ ਦਾਊਂ ਨੇ ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਇਸ ਵਿੱਚ ਲੱਗੀਆਂ ਲੇਖਕਾਂ  ਪਾਠਕਾਂ ,ਡਾਕਟਰਾਂ  ਦੀਆਂ  ਚਿੱਠੀਆਂ ਤੋਂ ਪਤਾ  ਲੱਗਦਾ ਹੈ ਕਿ  ਇਸ  ਕਿਤਾਬ  ਨੇ ਕਿੰਨੇ ਦਿਲਾਂ ਵਿੱਚ ਚੇਤਨਾ ਜਗਾਈ ਹੈ ।
              ਉੱਘੇ ਗਾਇਕਾਂ  ਕੇਵਲ ਮਾਣਕਪੁਰੀ,ਨਿਰਮਲ ਮਾਣਕ, ਗੁਰਿੰਦਰ ਰਿੰਕੂ ਤੇ ਸ਼ਾਇਰਾ ਤਾਰਨ ਗੁਜਰਾਲ ਨੇ ਇਸੇ ਕਿਤਾਬ ਵਿਚੋਂ ਗੀਤ ਸੁਣਾ ਕੇ ਸਰੋਤਿਆਂ ਦੀ ਭਰਵੀਂ ਦਾਦ ਲਈ।
            ਵਿਗਿਆਨਕ ਆਧਾਰ 'ਤੇ ਲੇਖ ਲਿਖਕੇ ਲੋਕ-ਚੇਤਨਾ ਜਗਾਉਣ ਵਾਲੇ ਪ੍ਰਸਿੱਧ ਲੇਖਕ ਡਾ: ਹਰਚੰਦ ਸਿੰਘ ਸਰਹਿੰਦੀ ਨੇ ਇਸ ਨੂੰ ਸ਼ਾਹਕਾਰ ਦੱਸਦਿਆਂ ਕਿਹਾ  ਕਿ ਇਹ ਕਿਤਾਬ*ਨਾ!ਮੰਮੀ ਨਾ* ਘਰ ਘਰ ਜਾਣੀ ਚਾਹੀਦੀ ਹੈ ਅਤੇ ਇਸ ਵਿੱਚ ਸ਼ਾਮਿਲ ਬੋਲੀਆਂ, ਗਿੱਧਾ, ਜਾਗੋ, ਨਾਟਕ ਆਦਿ ਪ੍ਰਸਤੁਤ ਕਰਕੇ ਸਕੂਲਾਂ ਕਾਲਜਾਂ ਤੇ ਹੋਰ ਅਦਾਰਿਆਂ ਨੂੰ ਭਰੂਣ ਹੱਤਿਆ ਖਿਲਾਫ ਜੂਝਣਾ ਚਾਹੀਦਾ ਹੈ।ਡਾ: ਗੁਰਮਿੰਦਰ ਸਿੱਧੂ ਨੇ ਇਸ ਕਿਤਾਬ ਦੇ ਬੜੇ ਹੀ ਭਾਵ-ਪੂਰਤ ਸਫੇ ਪੜ੍ਹਦਿਆਂ ਇੱਕ ਵਾਰ ਫਿਰ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।
           ਸ੍ਰੀ ਐਸ.ਕੇ .ਦੂਬੇ ਨੇ ਕਿਤਾਬ ਦੀ ਗੈਟ-ਅਪ ਤੇ ਪੇਸ਼ਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਡਾ: ਹਰਚਰਨ ਸਿੰਘ ਨੇ ਲੇਖਿਕਾ ਨੂੰ ਭਰਵੀਂ ਸ਼ਾਬਾਸ਼ ਦਿੱਤੀ।
          ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਸ੍ਰੀ ਐਸ.ਕੇ.ਆਹਲੂਵਾਲੀਆ ਨੇ ਕਿਹਾ ਕਿ ਡਾ: ਬਲਦੇਵ ਸਿੰਘ ਤੇ ਡਾ: ਗੁਰਮਿੰਦਰ ਸਿੱਧੂ ਸਹੀ ਅਰਥਾਂ ਵਿੱਚ ਇਸ ਕਿੱਤੇ ਲਈ ਤੇ ਮਨੁੱਖਤਾ ਲਈ ਮਿਸਾਲ ਹਨ। ਉਹਨਾਂ ਨੇ ਇਹ ਕਿਤਾਬ ਹੋਰ ਸੰਸਥਾਵਾਂ ਵਿੱਚ ਪਹੁੰਚਾਉਣ ਦੀ ਜ਼ਰੂਰਤ ਬਾਰੇ ਕਿਹਾ ਤੇ ਇਸ ਸਬੰਧੀ ਉਪਰਾਲੇ ਕਰਨ ਦਾ ਵਾਅਦਾ ਕਰਨ ਦਾ ਵਾਅਦਾ ਕੀਤਾ।
        ਸਾਬਕਾ ਮੇਅਰ ਸ੍ਰੀ ਮਤੀ ਹਰਜਿੰਦਰ ਕੌਰ ਨੇ ਕਿਹਾ ਕਿ ਡਾ: ਗੁਰੰਮੰਦਰ ਸਿੱਧੂ ਨੇ ਮਾਈ ਭਾਗੋ ਵਾਂਗ ਫਰਜ਼ ਅਦਾ ਕਰਕੇ ਆਪਾਂ ਸਾਰਿਆਂ ਨੂੰ ਸੁਚੇਤ ਕੀਤਾ ਹੈ ,ਇਹ ਕਿਤਾਬ ਸਾਰਿਆਂ ਨੂੰ ਖਰੀਦ ਕੇ ਪੜ੍ਹਨੀ ਚਾਹੀਦੀ ਹੈ ਅਤੇ ਡੀ ਪੀ ਆਈ ਵੱਲੋਂ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ।


        

'ਸਾਰੰਗ ਲੋਕ' ਦੀ ਡਾਇਰੈਕਟਰ ਅਤੇ ਕਰਤਾ-ਧਰਤਾ ਡਾ : ਰਮਾ ਰਤਨ


ਬਾਲਾਂ ਦੇ ਸਮੁੱਚੇ ਵਿਕਾਸ ਲਈ ਪੂਰੀ ਸ਼ਿੱਦਤ ਅਤੇ ਲਗਨ ਨਾਲ ਗਤੀਸ਼ੀਲ ,'ਸਾਰੰਗ ਲੋਕ' ਦੀ ਕਰਤਾ-ਧਰਤਾ  ਡਾ : ਰਮਾ ਰਤਨ ਨੇ ਇਸ ਕਿਤਾਬ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ,

" ਇਹ ਤਾਂ ਹਰ ਨਵੇਂ ਵਿਆਹੇ ਜੋੜੇ ਨੂੰ ਤੋਹਫੇ ਵਜੋਂ ਦਿੱਤੀ ਜਾਣੀ ਚਾਹੀਦੀ ਹੈ "

ਡਾ : ਰਮਾ ਰਤਨ ਕੰਨਿਆ-ਭਰੂਣ ਹੱਤਿਆ ਅਤੇ ਪੁਸਤਕ ਬਾਰੇ ਆਪਣੇ ਪ੍ਰਭਾਵ  ਦਿੰਦੇ ਹੋਏ :


Sunday, November 4, 2012

ਕਣਕਾਂ ਲੰਮੀਆਂ ਧੀਆਂ ਕਿਉਂ ਨਾ ਜੰਮੀਆਂ ਨੀਂ ਮਾਏ ?

               ਕਿਤਾਬ *ਨਾ!ਮੰਮੀ ਨਾ* ਵਿੱਚੋਂ ਇੱਕ ਚੈਪਟਰ :               
ਇਉਂ ਤਾਂ ਨਹੀਂ ਕਿ ਅਸੀਂ ਚੱਤੋ ਪਹਿਰ ਇਸੇ ਦੁਖਾਂਤ ਬਾਰੇ ਹੀ ਸੋਚਦੇ ਹਾਂ ਜਾਂ ਅਜੇਹਾ ਕੁਝ ਹੀ ਕਰਦੇ ਰਹਿੰਦੇ ਹਾਂ।ਜ਼ਿੰਦਗੀ ਨਿੱਜੀ ਤੌਰ 'ਤੇ ਸਾਡੇ ਉੱਤੇ ਬੇਹੱਦ ਮਿਹਰਬਾਨ ਹੈ,ਇਸ ਨੂੰ ਸ਼ਿੱਦਤ ਨਾਲ ਜਿਉਂਦੇ ਹਾਂ,ਬਹੁਤ ਕੁਝ ਹੋਰ ਪੜ੍ਹਦੇ ਲਿਖਦੇ ਹਾਂ, ਰੰਗੀਂ ਵਸਦੇ ਹਾਂ।ਪਰ ਕਦੇ ਕਦੇ ਕੋਈ ਪਲ ,ਕੋਈ ਬਿੰਦ, ਉਦਾਸੀਆਂ ਦੀ ਮਕਾਣ ਲੈ ਆਉਂਦੈ,ਸਾਰੇ ਹੀ ਰੰਗ ਫਿੱਕੇ ਪੈ ਜਾਂਦੇ ਨੇ।ਅੱਜ ਇਹੋ ਜਿਹੀ ਹੀ ਪ੍ਰਭਾਤ ਸੀ।ਮੋਹਾਲੀ ਦੀ ਇੱਕ ਰੂੜੀ ਵਿੱਚੋਂ ਕਿਸੇ ਬੱਚੀ ਦੀ ਸੁੰਡੀਆਂ ਪਈ ਲੋਥ ਲੱਭੀ ਸੀ।ਹਿੰਦੀ ਦੇ ਅਖਬਾਰ' ਦੈਨਿਕ ਭਾਸਕਰ 'ਵਿੱਚ ਲੱਗੀ ਉਹਦੀ ਰੰਗਦਾਰ ਤਸਵੀਰ ਨੇ ਮੇਰੀ ਬਿਸਤਰ-ਚਾਹ ਕੌੜੀ ਕੁਸੈਲੀ ਕਰ ਦਿੱਤੀ।ਹੋਰ ਸਫ਼ੇ ਪਰਤੇ.. ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਕੂੜੇਦਾਨ ਵਿਚੋਂ ਇੱਕ ਹੋਰ ਕੰਨਿਆ ਭਰੂਣ ਮਿਲਿਆ ਸੀ।ਉਹਨੂੰ ਦੇਖਦਿਆਂ ਹੀ ਸੜੂਕੀ ਗਈ ਚਾਹ ਬਾਹਰ ਨੂੰ ਆਉਣ ਲੱਗੀ।ਬੱਸ ਜਿਵੇਂ ਐਤਵਾਰ ਨੂੰ ਗ੍ਰਹਿਣ ਲੱਗ ਗਿਆ।ਕਿੰਨੀ ਦੇਰ ਪਲੰਘ ਤੋਂ ਉੱਠ ਹੀ ਨਾ ਹੋਇਆ।ਬਲਦੇਵ ਮੱਥੇ ਨੂੰ ਮਲਦਾ ਏਧਰ ੳਧਰ ਤੁਰ ਫਿਰ ਰਿਹਾ ਸੀ।ਮੈਂ  ਚਿੱਤ ਹੋਰ ਪਾਸੇ ਪਾਉਣ ਲਈ ਪੰਜਾਬੀ ਲੋਕ ਗਾਇਕੀ ਦੀ ਰੂਹੇ ਰਵਾਂ,ਸੁਰਿੰਦਰ ਕੌਰ ਦੀ ਕੈਸੇਟ ਲਗਾ ਦਿੱਤੀ।ਦਹਾਕਿਆਂ ਤੋਂ ਦਿਲਾਂ ਉੱਤੇ ਬਾਦਸ਼ਾਹਤ ਕਰ ਰਹੀ 'ਪੰਜਾਬ ਦੀ ਕੋਇਲ' ਹਮੇਸ਼ਾ ਇਹੋ ਜਿਹੇ ਤਿਰਹਾਏ ਪਲਾਂ ਵਿੱਚ ਮੇਰੇ ਲਈ ਰੂਹ-ਆਫਜ਼ਾ ਬਣਦੀ ਹੈ :
                        ਜੁੱਤੀ ਕਸੂਰੀ ਪੈਰੀਂ ਨਾ ਪੂਰੀ
                        ਹਾਇ ਰੱਬਾ ਵੇ ਸਾਨੂੰ ਟੁਰਨਾ ਪਿਆ
                        ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾਂ
                        ੳਹਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ....ਹਾਇ ਰੱਬਾ ਵੇ!....

      ਇਹ ਸੁਰਿੰਦਰ ਕੌਰ ਗਾ ਰਹੀ ਸੀ ਕਿ ਉਹ ਕੁੜੀ ਜਿਹਨੂੰ ਰੂੜੀ ਵਿੱਚ ਦੱਬ ਕੇ ਪਿੱਛੇ ਵੱਲ ਮੋੜ ਦਿੱਤਾ ਗਿਆ ਸੀ?
                     ਅਜੀਬ ਪਾਗਲ ਹਾਂ ਮੈਂ ਵੀ! ਉੱਠ ਕੇ ਸੈਰ ਕਰਨ ਚਲੀ ਗਈ। ਰੋਜ਼ ਗਾਰਡਨ ਵਿੱਚ ਖਿੜੇ ਰੰਗ ਬਿਰੰਗੇ ਗੁਲਾਬਾਂ ਨੇ ਮੂੰਹ ਵਿੱਚ ਘੁਲੀ ਕੁਨੀਨ ਨੂੰ ਗੁਲਕੰਦ ਬਣਾ ਦਿੱਤਾ,ਮਹਿਕੀ ਹਵਾ ਵਿੱਚ ਲਹਿਰਦੀ ਗੁਰਬਾਣੀ  ਨੇ ਉਖੜਦੇ ਸਾਹਾਂ ਨੂੰ ਰਬਾਬ ਕਰ ਦਿੱਤਾ।
                           ਘਰ ਪਰਤੀ ਤਾਂ ਬਲਦੇਵ ਵੀ  ਸਹਿਜ ਹੋ ਕੇ ਆਮ ਵਾਂਗ ਵਰਜਿਸ਼ ਕਰ ਰਿਹਾ ਸੀ। ਕਨਸਾਂ 'ਤੇ ਪਏ ਮੋਮੈਂਟੋ ,ਫੋਟੋਆਂ ਅਤੇ ਹੋਰ ਸਜਾਵਟੀ ਸਮਾਨ ਨੂੰ ਝਾੜਦਿਆਂ ਪੂੰਝਦਿਆਂ ਮੈਂ ਟੇਪ ਦਾ ਬਟਨ ਫਿਰ ਤੋਂ ਦੱਬ ਦਿੱਤਾ।ਸੰਗੀਤ ਆਪਣਾ ਜਾਦੂ ਦਿਖਾਉਣ ਲੱਗਿਆ,ਰੌਣਕ ਸਾਡੇ ਘਰ ਦੀਆਂ ਪੌੜੀਆਂ ਉਤਰਨ ਲੱਗੀ। ਗੀਤਾਂ ਦੀ ਇੱਕ ਹੋਰ ਪਟਰਾਣੀ ਪਰਕਾਸ਼ ਕੌਰ ਦੇ ਵੰਝਲੀ ਵਰਗੇ ਬੋਲ ਛਣਕ ਪਏ,
                                 ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ.......
                                                  ਅਚਾਨਕ ਰਵਾਂ-ਰਵੀਂ ਚਲਦੇਂ ਚਰਖੇ ਦੀ ਹੱਥੀ ਛੁੱਟ ਗਈ,ਪੁੱਠਾ ਗੇੜਾ ਆ ਗਿਆ।
                    ਛਮ ਛਮ ਕਰਕੇ ਬੁਲਾਉਂਦੀਆਂ ਝਾਂਜਰਾਂ ਤਾਂ ਕਦੋਂ ਦੀਆਂ ਚਲੀਆਂ ਗਈਆਂ
                                                              .......... ਹੁਣ ਤਾਂ ਗੋਰੀਆਂ ਵੀ ਜਾ ਰਹੀਐਂ
 ਭੈਣਾਂ ਦੀ ਜੋੜੀ ਨੇ ਸਾਂਝੇ ਗੀਤ ਦੀ ਤੰਦ ਕੱਤੀ ਹੈ :
                    ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ....
                               ਕੰਡਾ ਚੁਭਾ ਤੇਰੇ ਪੈਰ ਬਾਂਕੀਏ ਨਾਰੇ ਨੀਂ......
                                                        ਅਚਾਨਕ ਮੇਰੇ ਅੰਦਰੋਂ ਕੋਈ ਚੀਕ ਪਿਐ,
                   ਨੀਂ ਮੁਟਿਆਰੇ ! ਤੇਰਾ ਇਹ ਕੰਡੜਾ ਕਿਸੇ ਭਾਬੋ ਨੇ ਨਹੀਂ ਕੱਢਣਾ,
                    ਕਿਸੇ ਵੀਰ ਨੇ ਤੇਰੀ ਪੀੜ ਨਹੀਂ ਸਹਿਣੀ..ਇਹ ਤਾਂ ਤੈਨੂੰ ਆਪ ਈ....
  ਮੈਂ ਆਪਣੀ ਮਨੋ-ਸਥਿਤੀ'ਤੇ ਝੁੰਜਲਾ ਰਹੀ ਹਾਂ। ਠੀਕ ਹੀ ਤਾਂ ਕਿਹੈ ਕਿਸੇ ਨੇ,
 ਹਰਾ ਚਸ਼ਮਾ ਲਾ ਲਓ ਤਾਂ ਸਭ ਹਰਾ ਦਿਸਦੈ,ਪੀਲਾ ਲਾ ਲਓ ਤਾਂ ਸਭ ਪੀਲਾ
                ਅੱਜ ਕਿਹੋ ਜਿਹਾ ਚਸ਼ਮਾ ਲੱਗ ਗਿਆ ਹੈ ਮੇਰੇ ਕਿ ਅਰਥਾਂ ਦੇ ਅਨੱਰਥ ਹੋਣ ਲੱਗ ਪਏ ਨੇ ।
ਮਾਵਾਂ'ਤੇ ਧੀਆਂ ਰਲ ਬੈਠੀਆਂ ਨੀਂ ਮਾਏ ! ਕੋਈ ਕਰਦੀਆਂ ਗੱਲੋੜੀਆਂ
                   ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀਂ ਮਾਏ....?
                   .................................................
                  ਨਹੀਂ ਨਹੀਂ ਆਖੋ... 'ਧੀਆਂ ਕਿਉਂ ਨਾ ਜੰਮੀਆਂ ਨੀਂ ਮਾਏ ?
                                     ਮੈਂ ਸਟੀਰੀਓ ਬੰਦ ਕਰ ਦਿੱਤੈ।ਪਰ ਗੀਤ ਤਾਂ ਅਜੇ ਵੀ ਵੱਜੀ ਜਾ ਰਿਹੈ।
ਮੈਂ ਬੌਂਦਲ ਕੇ ਕੋਠੇ ਚੜ੍ਹ ਆਈ ਹਾਂ,ਗੀਤ ਮੇਰੇ ਪਿੱਛੇ ਪਿੱਛੇ ਪੌੜੀਆਂ ਚੜ੍ਹ ਆਇਐ, ਮੈਂ ਚੁਬਾਰੇ'ਚ ਵੜ ਗਈ ਹਾਂ,ਇਹ ਕਿਸੇ ਨੁੱਕਰ ਵਿੱਚ ਖੜੋ ਕੇ ਲਿਬਾਸ ਬਦਲਣ ਲੱਗਿਐ,ਮੈਂ ਡਾਇਰੀ ਖੋਲ੍ਹੀ ਹੈ,ਇਹ ਵਿਛੌਣੇ ਵਾਂਗ ਉਹਦੇ ਤੇ ਵਿਛ ਗਿਐ। ਹੋਣੀਆਂ ਦਾ ਇਹ ਕੇਹਾ ਛਡਿਅੰਤਰ ਹੈ?ਜਿਹੜਾ ਗੀਤ ਮੇਰੇ ਭਟਕੇ ਚਿੱਤ ਨੂੰ ਥਾਂ ਟਿਕਾਣੇ ਲਿਆਉਂਦਾ ਸੀ,ਬੁੱਜ ਹੋਏ ਕੰਨਾਂ ਵਿੱਚ ਜਲਤਰੰਗ ਵਜਾਉਂਦਾ ਸੀ,ਉਹੀ ਮੇਰੀ ਡਾਇਰੀ ਤੇ ਅੱਜ ਹੋਰੂੰ ਹੋਰੂੰ ਜਿਹਾ ਹੋਇਆ ਪਿਐ

ਮਾਂਵਾਂ 'ਤੇ ਧੀਆਂ ਰਲ ਬੈਠੀਆਂ ਨੀਂ ਮਾਏ !

    ਮਾਂਵਾਂ 'ਤੇ ਧੀਆਂ ਰਲ ਬੈਠੀਆਂ ਨੀਂ ਮਾਏ ! ਕੋਈ ਕਰਦੀਆਂ ਗੱਲੋੜੀਆਂ
   ਬੈਠੀਆਂ ਤਾਂ ਬੈਠੀਆਂ ਜਾ ਉੱਚੜੇ ਚੁਬਾਰੇ ਲੈ ਕੇ ਦਿਲ ਦੀਆਂ ਗੱਲੋੜੀਆਂ
    ਨੀਂ ਕਣਕਾਂ ਲੰਮੀਆਂ ਧੀਆਂ ਕਿਉਂ ਨਾ ਜੰਮੀਆਂ  ਨੀਂ ਮਾਏ ?
   ਧੀ:   ਦੂਰੋਂ 'ਤੇ   ਆਈ   ਸਾਂ   ਚੱਲਕੇ   ਨੀਂ  ਮਾਏ !
           ਤੇਰੇ ਦਰ ਉੱਤੇ ਰਹੀ ਆਂ ਖੜੋ
           ਭਿੱਛਿਆ'ਚ ਪਾ ਦੇ ਸਾਨੂੰ! ਇੱਕ ਲੱਪ ਲੋਰੀਆਂ ਦੀ
           ਬਾਰ ਨਾ ਸੁਗੰਧੀਆਂ ਤੋਂ ਢੋਅ
           ਨੀਂ ਕਣਕਾਂ ਹਰੀਆਂ  ਮਾਂਵਾਂ ਕਿਉਂ  ਡਰੀਆਂ ਨੀ ਮਾਏ ?........
   
 ਮਾਂ:   ਜੱਗ ਮੈਲਾ ਕਰ ਦਿੰਦੈ ਧੀਏ ਨੀਂ ਸੁਗੰਧੀਆਂ ਨੂੰ
          ਇੱਜ਼ਤਾਂ ਦੀ ਚੁੰਨੀ ਦਿੰਦੈ ਪਾੜ
          ਏਧਰੋਂ  ਜੇ   ਬਚੇ  ਕੌਡੇ-ਰਾਖਸ਼ਾਂ ਜਹੇ   ਸਹੁਰੇ
          ਪੀਂਦੇ ਮਾਪਿਆਂ ਦਾ ਲਹੂ ਕਾੜ੍ਹ ਕਾੜ੍ਹ
          ਨੀਂ ਕਣਕਾਂ ਪੱਕੀਆਂ ਧੀਆਂ ਤਾਂਹੀਓਂ ਧੱਕੀਆਂ ਨੀਂ ਧੀਏ ! ........

 ਧੀ:    ਵਿਦਿੱਆ ਦੇ ਗਹਿਣੇ ਪਾ, ਦੇ ਹੁਨਰਾਂ ਦਾ ਸਾਲੂ
          ਪਾਵਾਂ ਕੀਲ ਕੇ ਪਟਾਰੀ ਵਿੱਚ ਨਾਗ
          ਗਾਤਰਾ ਸਜਾ ਦੇ ਹੱਕੀ ਸੱਚੀ ਸ਼ਮਸ਼ੀਰ ਵਾਲਾ
          ਫੇਰ  ਦੇਖੀਂ  ਲਾਡਲੀ  ਦੇ  ਭਾਗ
         ਨੀਂ ਕਣਕਾਂ ਨਿੱਸਰੀਆਂ ਧੀਆਂ ਦੇਖੀਂ ਨਿੱਖਰੀਆਂ  ਮਾਏ.!.......
  
 ਦੋਵੇਂ:  ਮਾਂਵਾਂ  'ਤੇ   ਧੀਆਂ  ਦੀ  ਦੋਸਤੀ  ਵੇ  ਲੋਕੋ !
         ਨਾ  ਤੋੜਿਓ  ਵੇ! ਜ਼ਹਿਰਾਂ ਦੇ  ਨਾਲ
         ਮਾਂਵਾਂ  ਕਦੋਂ  ਚਾਹੁੰਦੀਆਂ  ਨੇ ਕੁੱਖਾਂ ਦਾ ਕਤਲ
         ਉਹ ਤਾਂ ਚੁੱਪ ਥੋਡੇ ਕਹਿਰਾਂ ਦੇ  ਨਾਲ
         ਕਣਕਾਂ  ਚਿੱਟੀਆਂ  ਧੀਆਂ  ਸਦਾ !  ਮਿੱਠੀਆਂ ਵੇ ਲੋਕੋ !
        ਕਣਕਾਂ  ਚਿੱਟੀਆਂ  ਧੀਆਂ  ਸਦਾ ਮਿੱਠੀਆਂ ਵੇ ਹਾਂ !


        

Thursday, November 1, 2012

ਐਪਰੋਪਰੀਏਟ ਅਥੌਰਿਟੀ ਡਾ: ਬਲਦੇਵ ਸਿੰਘ ਖਹਿਰਾ ਆਪਣੇ ਵਿਚਾਰ ਸਾਂਝੇ ਕਰਦੇ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ




ਖਮਾਣੋ ਸਿਵਲ ਹਸਪਤਾਲ/ਇਲਾਕੇ   ਵਿੱਚ  ਕੰਨਿਆ-ਭਰੂਣ ਹੱਤਿਆ  ਰੋਕਣ ਵਾਸਤੇ ਪੀ. ਐਨ .ਡੀ. ਟੀ. ਐਕਟ ਨੂੰ ਲਾਗੂ ਕਰਨ ਲਈ  ਯਤਨਸ਼ੀਲ ਐਪਰੋਪਰੀਏਟ ਅਥੌਰਿਟੀ ਡਾ: ਬਲਦੇਵ ਸਿੰਘ ਖਹਿਰਾ ਧੀਆਂ ਨੂੰ ਬਚਾਉਣ ਲਈ ਕੀਤੇ ਗਏ ਪੁਸਤਕ 'ਨਾ !ਮੰਮੀ ਨਾ 'ਦੇ ਲੋਕ-ਅਰਪਣ ਸਮਾਗਮ ਦੇ ਅੰਤ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ 

Wednesday, October 31, 2012

ਪ੍ਰਸਿੱਧ ਗਾਇਕ ਕੇਵਲ ਮਾਣਕਪੁਰੀ ਕਿਤਾਬ' ਨਾ!ਮੰਮੀ ਨਾ'ਵਿੱਚੋਂ ਟੱਪੇ ਗਾ ਕੇ ਲੋਕ-ਮਨਾਂ ਨੂੰ ਧੂਹ ਪਾਉਂਦੇ ਹੋਏ



ਸੋਨੇ ਦੀ ਇੱਟ ਬਾਬਲਾ !
        ਤੇਰੇ ਹੱਥ ਫੈਸਲੇ ਦਿੱਤੇ
              ਏਡੇ ਜ਼ੁਲਮ ਨਾ ਲਿਖ ਬਾਬਲਾ !


ਇਹ ਸੁਗਾਤਾਂ ਰੱਬ ਦਿੱਤੀਆਂ
             ਮਾਏ! ਤੇਰਾ ਧੰਨ ਜਿਗਰਾ
                  ਧੀਆਂ ਵਿਹੜੇ ਵਿੱਚ ਦੱਬ ਦਿੱਤੀਆਂ         

  
ਚਿੱਟਾ ਕੁੱਕੜ ਬਨੇਰੇ'ਤੇ
           ਕਾਸ਼ਨੀ ਦੁਪੱਟੇ ਵਾਲੀਆਂ
                      ਨਾ ਘੱਲੋ ਮੌਤ ਦੇ ਡੇਰੇ 'ਤੇ
    
ਦੋ ਪੱਤਰ ਅਨਾਰਾਂ ਦੇ
              ਧੀਆਂ ਦੇ ਹਸ਼ਰ ਦੇਖ ਕੇ
                       ਰੋਂਦੇ ਪੱਥਰ ਪਹਾੜਾਂ ਦੇ


ਇਹ ਕੀ ਕਹਿਰ ਕਮਾਈ ਜਾਂਦੇ ਓ?
               ਰੱਖੜੀਆਂ ਕੋਣ ਬੰਨ੍ਹੂ ?
                       ਤੁਸੀਂ ਭੈਣਾਂ ਮਰਵਾਈ ਜਾਂਦੇ ਓ


ਜਿੰਦ ਨਿੱਕੀ ਜਹੀ ਵਗਾਹ ਮਾਰੀ
             ਪੱਥਰਾਂ 'ਚੋਂ ਪਾਣੀ ਸਿੰਮਿਆ
                          ਧੀ ਜਾਂਦੀ ਨੇ ਧਾਹ ਮਾਰੀ


ਕੋਠੇ 'ਤੇ ਕਾਂ  ਬੋਲੇ
             ਬਾਪੂ ਸਾਨੂੰ ਜਿਉਣ ਦਵੀਂ
                   ਤੇਰਾ ਜੱਗ ਵਿੱਚ ਨਾਂ ਬੋਲੇ...

Tuesday, October 30, 2012

ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ



ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ..ਪਹਿਲਾਂ ਉਸ ਬੱਚੀ ਸੁਖਮੀਨ (ਜਿਹੜੀ  'ਨਾ !ਮੰਮੀ ਨਾ 'ਨੂੰ ਪੜ੍ਹ ਕੇ ਮੌਤ ਦੇ ਮੂੰਹ ਵਿੱਚੋਂ ਬਚ ਕੇ ਆਈਆਂ ਬੱਚੀਆਂ ਵਿੱਚੋਂ ਸਭ ਤੋਂ ਪਹਿਲੀ ਹੈ),ਤੇ ਉਹਦੇ ਮੰਮੀ-ਪਾਪਾ ਨੂੰ ਲੋਕਾਂ ਦੇ ਰੂ-ਬਰੂ ਕੀਤਾ ਗਿਆ ,ਸੁਖਮੀਨ ਹੁਣ ਵੱਡੀ ਹੋ ਕੇ ਬੜੀਆਂ ਮੱਲਾਂ ਮਾਰ ਰਹੀ ਹੈ ,ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀ ਹੈ, ਤੇ ਆਪਣੀ ਮਿਸਾਲ ਦੇ ਕੇ ਲੋਕਾਂ ਨੂੰ ਇਹ ਪਾਪ  ਕਰਨ ਤੋਂ ਵਰਜ ਰਹੀ ਹੈ ..

Monday, October 29, 2012

Saturday, October 27, 2012

ਉਸ ਬੱਚੀ ਦੀ ਵੇਦਨਾ..ਜਿਸਦੀ ਫਰਿਆਦ ਨਾ ਉਹਦੀ ਮਾਂ ਨੇ ਸੁਣੀ ਨਾ ਪਿਤਾ ਨੇ

 ਉਸ ਬੱਚੀ ਦੀ ਵੇਦਨਾ..ਜਿਸਦੀ ਫਰਿਆਦ ਨਾ ਉਹਦੀ ਮਾਂ ਨੇ ਸੁਣੀ ਨਾ ਪਿਤਾ ਨੇ .......ਤੇ ਨਾ ਦਾਦਾ-ਦਾਦੀ,    ਨਾਨਾ-ਨਾਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੇ....ਇਹ ਨਜ਼ਮ ਅਨੀਤਾ-ਸ਼ਬਦੀਸ਼ ਵੱਲੋਂ ਖੇਡੇ ਜਾ ਰਹੇ ਨਾਟਕ ' ਚਿੜੀ ਦੀ ਅੰਬਰ ਵੱਲ ਉਡਾਣ 'ਵਿੱਚ ਅਜੇਹੇ ਦਰਦ-ਭਿੱਜੇ ਅੰਦਾਜ਼ ਵਿੱਚ ਪੇਸ਼ ਕੀਤੀ ਜਾ ਰਹੀ ਹੈ ਕਿ ਦਰਸ਼ਕਾਂ ਵਿੱਚੋਂ ਸਿਸਕੀਆਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਨੇ ਤੇ ਬਹੁਤੇ ਲੋਕ ਅੱਖਾਂ ਪੂੰਝਦੇ ਦੇਖੇ ਜਾ ਸਕਦੇ ਨੇ ..
      ਕੀ ਉਹਨਾਂ ਬੱਚੀਆਂ ਦੀ ਪੁਕਾਰ ਕੋਈ ਸੁਣੇਗਾ ? ਜਿਹੜੀਆਂ ਜਿਉਂਦੀਆਂ ਰਹਿਣ ਲਈ   ਤਰਲੇ-ਮਿੰਨਤਾਂ ਕਰ ਰਹੀਆਂ ਨੇ ?  

ਨਾ ਤੂੰ ਚਿੱਠੀਆਂ ਪੜ੍ਹੀਆਂ ਮਾਏ !
      
ਨਾ ਤੂੰ ਚਿੱਠੀਆਂ ਪੜ੍ਹੀਆਂ ਮਾਏ!

ਨਾ ਤੂੰ ਹੂਕਾਂ ਸੁਣੀਆਂ

ਨਾ ਤੂੰ ਮੇਰੀ ਪੀੜ ਪਛਾਣੀ

ਨਾ ਤੂੰ ਕੂਕਾਂ ਸੁਣੀਆਂ


ਸਕੀਏ ਨੀਂ! ਨੀਂ ਸਕੀਏ ਮਾਏ !

ਤੂੰ ਤੇ ਪਾਪਾ ਰਲ ਕੇ

ਕੱਚੀ ਨੀਂਦ ਜਗਾਇਆ ਮੈਨੂੰ

ਖੂਬ ਦਲੀਲਾਂ ਬੁਣੀਆਂ


ਦਾਜ ਦਾ ਪਿੰਜਰਾ ਤੋੜ ਸਕੇ ਨਾ

ਮੈਨੂੰ ਪਿੰਜਰ ਕੀਤਾ

ਖੋਹ ਲਏ ਗੁੱਡੀਆਂ ਅਤੇ ਪਟੋਲੇ

ਖੋਹ ਲਈਆਂ ਛੁਣਛੁਣੀਆਂ


ਜੁਗ ਜੁਗ ਜੀਓ ਮਾਪੜਿਓ !

ਮੈਂ ਪਰਲੋਕਾਂ ਵੱਲ ਚੱਲੀ

ਪੁੱਤ ਜਾਣ ਲਏ ਮੱਖਣ

ਧੀਆਂ ਲੱਸੀ ਵਾਂਗਰ ਪੁਣੀਆਂ।





ਧੀਆਂ ਨੂੰ ਬਚਾਉਣ ਦਾ ਹੋਕਾ ਤਾਂ ਹਰ ਮੀਡੀਆ ਰਾਹੀਂ ਦੇਣਾ ਪੈਣਾ ਹੈ ,' ਕਿਉਂਕਿ ਮੇਰੀ ਭਰੂਣ-ਹੱਤਿਆ ਨਹੀਂ ਹੋਈ ' ਲਵੀਨ ਗਿੱਲ, ਸੁਰਜੀਤ ਕੌਰ,ਗੁਰਮਿੰਦਰ ਸਿੱਧੂ,

http://www.youtube.com/watch?v=5QxqTq_UnWQ&feature=plcp

Tuesday, October 23, 2012

ਚੱਲਾਂਗੇ ਤਾਂ ਮੰਜ਼ਿਲ ਮਿਲੇਗੀ ਹੀ












ਜਦੋਂ ਅਸੀਂ  ਸਾਰੇ 15 ਸਤੰਬਰ 2012 ਨੂੰ ਭਾਰਤ ਵਿੱਚ ਖਤਮ ਕੀਤੀਆਂ ਗਈਆਂ ਕੁੜੀਆਂ ਲਈ ਕੈਨੇਡਾ ਦੀਆਂ ਸੜਕਾਂ 'ਤੇ ਤੁਰੇ 

Sunday, October 21, 2012

ਇਹ ਗੀਤ ਫਿਲਮ 'ਕੰਮੋ 'ਵਿੱਚ ਲੱਗਿਆ

ਇਹ ਗੀਤ ਫਿਲਮ 'ਕੰਮੋ 'ਵਿੱਚ ਲੱਗਿਆ ਤੇ ਦੇਸ਼-ਵਿਦੇਸ਼ ਦੇ ਟੀ.ਵੀ.ਚੈਨਲਾਂ 'ਤੇ ਵਾਰ-ਵਾਰ ਦਿਖਾਇਆ ਗਿਆ. ..ਇਸ ਨੂੰ ਅਨੀਤਾ-ਸ਼ਬਦੀਸ਼ ਵੱਲੋਂ ਖੇਡੇ ਜਾ ਰਹੇ ਨਾਟਕ' ਚਿੜੀ ਦੀ ਅੰਬਰ ਵੱਲ ਉਡਾਣ 'ਵਿੱਚ ਵੀ ਪੇਸ਼ ਕੀਤਾ ਜਾ ਰਿਹੈ ......
ਨਾ ! ਮੰਮੀ ਨਾ !........
(ਕੁੱਖ ਵਿਚਲੀ ਧੀ ਦੀ ਪੁਕਾਰ,ਜਦੋਂ ਉਹਨੂੰ ਪਤਾ ਲੱਗਦੈ ਕਿ ਉਹ ਮਾਰੀ ਜਾਣ ਵਾਲੀ ਹੈ)
ਨਾ ! ਮੰਮੀ ਨਾ !
ਮੈਨੂੰ ਨਾ ਤੂੰ ਮਾਰੀਂ ਮਾਂ!
ਹਾੜ੍ਹਾ ਨਾ ਵਿਸਾਰੀਂ ਮਾਂ!
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ......
ਕਲੀ ਤੇਰੇ ਬਾਗਾਂ ਦੀ ਹਾਂ
ਪਰੀ ਤੇਰੇ ਖਾਬਾਂ ਦੀ ਹਾਂ
ਮਿਸ਼ਰੀ ਹਾਂ ਮੈਨੂੰ ਤੱਤੇ ਪਾਣੀ 'ਚ ਨਾ ਵਾੜੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ......
ਵੇਲ-ਬੂਟੇ,ਚੰਨ ਤਾਰੇ
ਮੈਂ ਵੀ ਵੇਖ ਲਾਂ'ਗੀ ਸਾਰੇ
ਹੋਵਾਂ ਅੰਬਰਾਂ ਦੀ ਹਾਣੀ
ਅੱਧੀ ਵਾਟੋਂ ਨਾ ਉਤਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ......
ਪੁੱਤ ਹੁੰਦਾ ਪਾਲ ਲੈਂਦੀ
ਹੱਥੀਂ ਧੀ ਨੂੰ ਵਢੇਂਦੀ
ਮਾਏ ! ਇਹ ਕੀ ਕਰੇਂਦੀ ?
ਹਾਇ ! ਇਹ ਕੀ ਕਰੇਂਦੀ ?
ਲਾ ਕੇ ਦਾਜ ਦਾ ਬਹਾਨਾ
ਨਾ ਤੂੰ ਕਹਿਰ ਗ਼ੁਜ਼ਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
ਪਾਵਾਂ ਵਿਹੜੇ ਛਣਕਾਰ
ਧੀਆਂ ਮਾਵਾਂ ਦਾ ਸ਼ਿੰਗਾਰ
ਉੱਡਾਂ ਚਿੜੀਆਂ ਦਾ ਚੰਬਾ ਬਣ ਇਉਂ ਨਾ ਧੱਕਾ ਮਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
ਤਾਹਨੇ ਮਿਹਣਿਉਂ ਡਰੀਂ ਨਾ......................
ਗਹਿਣੇ ਕੁੱਖ ਨੂੰ ਕਰੀਂ ਨਾ
ਮੇਰੀ ਜਿੰਦ ਨੂੰ ਬਚਾ ਲਈਂ
ਦੇਖੀਂ ਜੱਗ ਤੋਂ ਨਾ ਹਾਰੀਂ ਮਾਂ
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............
ਹਾੜ੍ਹਾ ਨਾ ਵਿਸਾਰੀਂ ਮਾਂ !
ਨਾ ! ਮੰਮੀ ਨਾ !........
ਮੈਨੂੰ ਨਾ ਤੂੰ ਮਾਰੀਂ ਮਾਂ.!............

Wednesday, October 10, 2012

ਨਾ ! ਮੰਮੀ ਨਾ !

                                                                                                                ਸਥਾਨ:ਨਿੱਘੀ ਨਿੱਘੀ ਕੁੱਖ
                                                                                                              ਸਮਾ:ਇਕੀਵੀਂ ਸਦੀ

ਮੇਰੇ ਪਿਆਰੇ ਪਿਆਰੇ ਮੰਮੀ ਜੀਓ!
                          ਨਿੱਕੀ ਜਿਹੀ ਮਿੱਠੀ ਪਰਵਾਨ ਕਰਿਓ!
       ਮੈਂ ਹਾਲ ਦੀ ਘੜੀ ਰਾਜੀ-ਖੁਸ਼ੀ ਹਾਂ ਤੇ ਰੱਬ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਤੁਹਾਨੂੰ ਬਹੁਤ ਬਹੁਤ ਖੁਸ਼ ਅਤੇ ਸੁਖੀ ਰੱਖੇ!ਮੈਂ ਹਾਲ ਦੀ ਘੜੀ ਇਸ ਲਈ ਲਿਖਿਐ ਮੰਮੀ!ਕਿ ਕੱਲ੍ਹ ਮੈਂ ਇੱਕ ਸਨਸਨੀਖੇਜ਼ ਖਬਰ ਸੁਣੀ ਐ।ਤੁਹਾਡੇ ਜਿਸਮ ਤੋਂ ਜਿਹੜਾ ਲਹੂ ਮੇਰੇ ਲਈ ਜ਼ਿੰਦਗੀ ਦੇ ਸਾਰੇ ਤੱਤ ਲੈ ਕਿ ਆਉਂਦੈ ਨਾ!ਕੱਲ੍ਹ ਜਦੋਂ ਮੇਰੇ ਕੰਨਾਂ ਵਿੱਚੋਂ ਦੀ ਗੁਜ਼ਰਿਆ ਤਾਂ ਮੇਰੇ ਕਤਲ ਦੀ ਸਾਜਿਸ਼ ਦਾ ਖੂਨੀ ਸੁਨੇਹਾ ਦੇ ਗਿਆ।ਕਹਿੰਦਾ ਕਿ ਤੁਹਾਨੂੰ ਮੇਰੇ ਧੀ ਹੋਣ ਦਾ ਪਤਾ ਲੱਗ ਗਿਐੈ ਤੇ ਹੁਣ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ ਨਿੱਘੀ ਕੁੱਖ ਵਿੱਚੋਂ ਕੱਢ ਕੇ ਇਸ ਪਥਰੀਲੀ ਧਰਤੀ ਉੱਤੇ ਪਟਕਾ ਮਾਰੋਗੇ।ਸੱਚ ਮੰਮੀ!ਮੈਨੂੰ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਆਇਆ।ਮੈਂ ਕਿਹਾ ਮੇਰੀ ਮੰਮੀ ਤਾਂ ਏਦਾਂ ਕਰ ਹੀ ਨਹੀਂ ਸਕਦੀ,ਉਹ ਤਾਂ ਇੱਕ ਕੀੜੀ ਵੀ ਨਹੀਂ ਮਾਰ ਸਕਦੀ।ਜਦੋਂ ਮੇਰੇ ਪਾਪਾ ਚੂਹੀ ਮਾਰਦੇ ਨੇ ਨਾ!ਤਾਂ ਉਹ ਇੱਕ ਉੱਚੀ ਜਿਹੀ ਮੇਜ਼ ਉੱਤੇ ਖੜ੍ਹ ਜਾਂਦੀ ਐ।ਜਦੋਂ ਚੂਹੀ ਦੇ ਜ਼ੋਰ ਦੀ  ਝਾੜੂ  ਪੈਂਦੈ ਤਾਂ  ਚੀਕ ਮਾਰ ਕੇ ਅੱਖਾਂ 'ਤੇ  ਹੱਥ ਰੱਖ  ਲੈਂਦੀ ਐ। ਇਹੋ ਜਿਹੀ ਮੰਮੀ ਭਲਾ ਇੰਜ ਕਿਵੇਂ ਕਰ ਸਕਦੀ ਐ ?
ਉਹ ਆਪਣੀ ਨਾਜ਼ੁਕ ਜਿਹੀ ਬੱਚੀ ਦੇ ਸਰੀਰ ਉੱਤੇ ਨਸ਼ਤਰਾਂ ਦੀ ਚੋਭ ਕਿਵੇਂ ਸਹੇਗੀ ?ਇੰਜ ਤਾਂ ਹੋ ਹੀ ਨਹੀਂ ਸਕਦਾ।ਮੈਂ ਠੀਕ ਕਿਹਾ ਨਾ ਮੰਮੀ?.ਬੱਸ ਤੁਸੀਂ ਇੱਕ ਵਾਰੀ ਕਹਿ ਦਿਓ ਕਿ ਇਹ ਖਬਰ ਝੂਠ ਹੈ ਤਾਂ ਕਿ ਖਰਗੋਸ਼ ਵਾਂਗ ਕੰਬਦੇ ਮੇਰੇ ਨਿੱਕੇ ਜਿਹੇ ਦਿਲ ਨੂੰ ਧਰਵਾਸਾ ਆ ਜਾਵੇ।ਬੱਸ ਇੱਕ ਵਾਰੀ ਕਹਿ ਦਿਓ ਕਿ ਮੇਰੇ ਕੰਨਾਂ ਨੂੰ ਭੁਲੇਖਾ ਲੱਗਿਐ ਤਾਂ ਕਿ ਮੇਰੀ ਤੜਪ ਰਹੀ ਰੂਹ ਸ਼ਾਂਤ ਹੋ ਜਾਵੇ।
                 ਜਦੋਂ ਦੀ ਇਹ ਖਬਰ ਸੁਣੀ ਐ ਨਾ ਮੰਮੀ ! ਮੈਂ ਟਿਕੀ ਹੀ ਨਹੀਂ..ਤੇ ਮੇਰਾ ਯਕੀਨ ਥਿੜਕਣ ਲੱਗ ਪਿਆ ਜਦੋਂ ਤੁਸੀਂ ਬਿਸਤਰੇ ਵਿੱਚ ਪਏ ਕਰਵਟਾਂ ਤੇ ਕਰਵਟਾਂ ਲੈਂਦੇ ਰਹੇ..ਮੈਂ ਏਧਰ-ਓਧਰ ਝੂਟੇ ਲੈਂਦੀ ਰਹੀ..ਤੇ ਫਿਰ ਪਾਪਾ ਨੇ ਤੁਹਾਡੇ ਕੰਨ ਵਿੱਚ ਕਿਹਾ, "ਇੱਕ ਵਾਰੀ ਤਕੜੇ ਹੋ ਕੇ ਇਹ ਕੰਮ ਕਰ ਲਈਏ ਤਾਂ ਲੱਖਾਂ ਦੇ ਬੋਝ ਤੋਂ ਬਚ ਜਾਵਾਂਗੇ..ਪੈਸਾ ਤਾਂ ਪੈਸਾ..ਟੈਂਸ਼ਨ ਕਿਹੜਾ ਘੱਟ ਹੁੰਦੈ,ਬਾਹਰ ਗਈ ਤਾਂ ਫਿਕਰ..ਘਰ 'ਕੱਲੀ ਛੱਡੀ ਤਾਂ ਚਿੰਤਾ,ਜਦੋਂ ਤੋਂ ਜੰਮ ਲਈ ਬੱਸ ਟੈਸ਼ਨ ਈ ਟੈਂਸ਼ਨ.."ਮੈਨੂੰ ਲੱਗਿਆ ਮੰਮੀ ਕਿ ਮੈਂ ਵੀ ਇੱਕ ਚੱਕਰਵਿਊ ਵਿੱਚ ਫਸਦੀ ਜਾ ਰਹੀ ਹਾਂ। ਹਾਇ ਮੰਮੀਏ! ਮੈਨੂੰ ਵੀ ਇਸ ਚੱਕਰਵਿਊ ਵਿੱਚੋਂ ਨਿੱਕਲਣਾ ਨਹੀਂ ਆਉਂਦਾ।ਮੈਂ ਬਹੁਤ ਦਹਿਲ ਗਈ ਹਾਂ ਮੰਮੀ!ਮੇਰੇ ਤਾਂ ਹੱਥ ਵੀ ਏਨੇ ਨਿੱਕੇ ਨਿੱਕੇ ਨੇ.. ਛੋਟੇ ਛੋਟੇ ਪਤਾਸਿਆਂ ਵਰਗੇ..ਕਿ ਮੈਂ ਡਾਕਟਰ ਦੀ ਕਲੀਨਿਕ ਵੱਲ ਜਾਂਦਿਆਂ ਦੀ ਤੁਹਾਡੀ ਚੁੰਨੀ ਵੀ ਜ਼ੋਰ ਦੀ ਨਹੀਂ ਖਿੱਚ ਸਕਦੀ।ਮੇਰੀਆਂ ਤਾਂ ਬਾਹਾਂ ਵੀ ਐਨੀਆਂ ਪਤਲੀਆਂ ਪਤਲੀਆਂ ਨੇ..ਸਰ੍ਹੋਂ ਦੀ ਲੈਰੀ ਜਿਹੀ ਗੰਦਲ ਵਰਗੀਆਂ ਕਿ ਇਹਨਾਂ ਨੂੰ ਤੁਹਾਡੀ ਗਰਦਨ ਵਿੱਚ ਪਾ ਕੇ ਐਨੀ ਜ਼ੋਰ ਦੀ ਨਹੀਂ ਚੁੰਬੜ ਸਕਦੀ ਕਿ ਤੁਸੀਂ ਚਾਹੋਂ ਤਾਂ ਵੀ ਮੈਨੂੰ ਆਪਣੇ ਨਾਲੋਂ ਲਾਹ ਨਾ ਸਕੋਂ।ਮੈਂ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਆਲੇ ਦਵਾਲੇ ਆ ਗਈ ਦਵਾਈ ਨਾਲ ਤੁਹਾਡੇ ਸਰੀਰ ਵਿੱਚੋਂ ਇੰਜ ਤਿਲਕ ਜਾਵਾਂਗੀ ਮੰਮੀ!ਜਿਵੇਂ ਗਿੱਲੇ ਹੱਥਾਂ ਵਿੱਚੋਂ ਸਾਬਣ ਦੀ ਟਿੱਕੀ ਤਿਲਕ ਜਾਂਦੀ ਐ। ਨਾ ਮੰਮੀ ਨਾ!ਇੰਜ ਨਾ ਕਰਿਓ!
                         ਮੇਰੀ ਤਾਂ ਆਵਾਜ਼ ਵੀ ਐਨੀ ਬਰੀਕ ਐ ਮੰਮੀ!ਕਿ ਮੇਰੀ ਕੋਈ ਮਿੰਨਤ,ਕੋਈ ਅਰਜ਼ੋਈ ਮੇਰੇ ਪਾਪਾ ਤੱਕ ਨਹੀੰ ਪਹੁੰਚ ਸਕਦੀ।ਮੈਂ ਤਾਂ ਬੱਸ ਪਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੀ ਹਾਂ।ਮੈਂ ਤਾਂ ਸਿਰਫ ਇਹ ਖਤ ਹੀ ਲਿਖ ਸਕਦੀ ਹਾਂ ਮੰਮੀ!ਜੇ ਕਿਤੇ ਤੁਸੀਂ ਇਹਨੂੰ ਪੜ੍ਹ ਸਕੋਂ! ਪਲੀਜ਼ ਮੰੰੰਮੀ!ਇਹ ਖਤ ਜ਼ਰੂਰ ਪੜ੍ਹਨਾ!ਬਾਕੀ ਖਤ ਤਾਂ ਅੱਖਾਂ ਖੋਲ੍ਹ ਕੇ ਪੜ੍ਹੀਦੇ ਨੇ ਨਾ ਮੰਮੀ!..ਬਸ..ਇਸ ਖਤ ਲਈ ਆਪਣੀਆਂ ਮਮਤਾਮਈ,ਖੂਬਸੂਰਤ ਅੱਖਾਂ ਨੂੰ ਪੋਲਾ ਜਿਹਾ ਬੰਦ ਕਰਕੇ ਮੈਨੂੰ ਯਾਦ ਕਰਨਾ!
ਮੈਂ ਇੱਕ ਇੱਕ ਹਰਫ ਬਣ ਕੇ ਤੁਹਾਡੇ ਅੱਗੇ ਵਿਛ ਜਾਵਾਂਗੀ ਮੰਮੀ!
                        ਮੇਰੀ ਗੱਲ ਮੰਨ ਲੈਣਾ ਮੰਮੀ!ਮੇਰਾ ਇਹ ਦੁਨੀਆਂ ਦੇਖਣ ਨੂੰ ਬਹੁਤ ਜੀਅ ਕਰਦੈ।ਮੈਂ ਤਾਂ ਅਜੇ ਤੁਹਾਡੀ ਕੁੱਖ ਦਾ ਚਾਨਣ ਈ ਦੇਖਿਐ..ਤੁਹਾਡੇ ਮੁੱਖ ਦਾ ਚਾਨਣ ਤਾਂ ਅਜੇ ਦੇਖਣੈਂ ਮੈਂ!ਅਜੇ ਤਾਂ ਤੁਹਾਡੇ ਵਿਹੜੇ ਵਿੱਚ ਆਪਣੇ ਨਿੱਕੇ ਨਿੱਕੇ ਪੈਰਾਂ ਨਾਲ ਛਮ-ਛਮ ਨੱਚਣੈਂ ਮੈਂ!ਨਾ ਲੈ ਕੇ ਦਿਓ ਮੈਨੂੰ ਨਵੀਂਆਂ ਝਾਂਜਰਾਂ!ਮੈਂ ਤਾਂ ਦੀਦੀ ਦੀਆਂ ਛੋਟੀਆਂ ਹੋ ਚੁੱਕੀਆਂ ਝਾਂਜਰਾਂ ਹੀ ਪਾ ਲਊਂਗੀ।ਨਾ ਲੈ ਕੇ ਦੇਣਾ ਮੈਨੂੰ ਨਵੇਂ ਨਵੇਂ ਕਪੜੇ!ਮੈਂ ਤਾਂ ਵੀਰੇ ਦੇ ਤੰਗ ਹੋਏ ਕਪੜੇ ਹੀ ਪਾ ਲਊਂਗੀ।ਪਰ ਮੈਂ ਇਹ ਧਰਤੀ-ਅੰਬਰ-ਪਾਣੀ-ਚੰਨ ਤਾਰੇ ਤਾਂ ਦੇਖ ਲਊਂਗੀ।ਇਹ ਤਾਂ ਨਹੀਂ ਨਾ ਹਿੱਸਿਆਂ ਵਿੱਚ ਵੰਡੇ ਜਾਂਦੇ..ਇਹ ਤਾਂ ਨਹੀਂ ਨਾ ਮੁੱਕਦੇ।
         ਹਾਇ ਅੰਮੜੀਏ!ਮੈਨੂੰ ਵੀ ਇਹ ਜੱਗ ਦੇਖ ਲੈਣ ਦੇ!ਜੇ ਤੈਨੂੰ ਇਹ ਮਨਜ਼ੂਰ ਨਹੀਂ ਸੀ ਤਾਂ ਨਾ ਖੋਲ੍ਹਦੀ ਆਪਣੀ ਕੁੱਖ ਦਾ ਬੂਹਾ ਮੇਰੇ ਲਈ..ਨਾ ਵਿਛਾਂਦੀ ਮੇਰੇ ਲਈ ਇਹ ਕੂਲਾ ਕੂਲਾ ਬਿਸਤਰਾ..ਮੈਂ ਆਪੇ ਕਿਸੇ ਹੋਰ ਜਿਸਮ ਵਿੱਚ ਆਲ੍ਹਣਾ ਬਣਾ ਲੈਂਦੀ.. ਪਰੀਆਂ ਵਾਂਗ ਉੱਡਦੀ ਰਹਿੰਦੀ ਜਾਂ ਚਿੜੀ ਬਣ ਕੇ ਚਹਿਕਦੀ ਰਹਿੰਦੀ।ਹੁਣ ਜਦੋਂ ਤੂੰ ਮੈਨੂੰ ਜਿਸਮ ਦੇਣ ਦਾ ਵਾਅਦਾ ਕਰ ਲਿਐ..ਹੁਣ ਤਾਂ ਨਾ ਮੁੱਕਰ। ਹੁਣ..ਜਦੋਂ ਤੂੰ ਹਵਾ ਵਿੱਚੋਂ ਆਕਸੀਜਨ ਲੈ ਕੇ ਮੈਨੂੰ ਸਾਹ ਬਖਸ਼ਦੀ ਰਹੀ ਹੈਂ..ਮੇਰੇ ਜਿਸਮ ਦੇ ਮਹਿਲ ਬਣਾਣ ਲਈ ਆਪਣੇ ਸਰੀਰ ਵਿੱਚੋਂ ਹਰ ਤਰ੍ਹਾਂ ਦੀ ਮਿੱਟੀ-ਗਾਰਾ-ਸੀਮਿੰਟ ਭੇਜਦੀ ਰਹੀ ਹੈਂ..ਹੁਣ ਤਾਂ ਨਾ ਇੰਜ ਕਰ।ਸੱਚ ਅੰਮੀਏ!ਹੁਣ ਤਾਂ ਮੇਰਾ ਦਿਲ ਵੀ ਧੜਕਣ ਲੱਗ ਪਿਐ..ਮੈਂ ਵੀ ਹੋਰ ਕੁੜੀਆਂ ਵਾਂਗ ਬਹੁਤ ਸੁਫਨੇ ਬੁਣੇ ਨੇ..ਮੇਰੇ ਇਸ ਸਰੀਰ ਵਿੱਚ ਸੈਂਕੜੇ ਹੱਡੀਆਂ ਤੇ ਹਜ਼ਾਰਾਂ ਨਾੜਾਂ ਦਾ ਇੱਕ ਸ਼ਹਿਰ ਬਣ ਚੁੱਕਿਐ..ਤੇ ਇਸ ਸ਼ਹਿਰ ਵਿੱਚ ਬਹੁਤ ਸਾਰੀਆਂ ਹਸਰਤਾਂ ਤੇ  ਸੁਫਨੇ ਤੁਰ ਫਿਰ ਰਹੇ ਨੇ।ਤੇਰਾ ਇੱਕੋ ਇੱਕ ਫੈਸਲਾ ਮਾਂ!ਤੇਰੀ ਇੱਕੋ ਇੱਕ ਹਰਕਤ  ਬੰਬ ਬਣ ਕੇ ਗਿਰ ਜਾਏਗੀ ਇਸ ਸ਼ਹਿਰ'ਤੇ..ਲਾਸ਼ਾਂ ਹੀ ਲਾਸ਼ਾਂ ਵਿਛ ਜਾਣਗੀਆਂ।ਆਪਣੇ ਅੰਦਰ ਇੱਕ ਹੀਰੋਸ਼ੀਮਾ ਨਾ ਬਣਾ ਮਾਂ!ਨਾ ਬਣਾ!
                  ਮੈਂ ਤੇਰੀ ਧੀ ਆਂ ਮਾਂ!ਤੇਰੀ ਮੁਹੱਬਤ ਦੀ ਸ਼ਹਿਜ਼ਾਦੀ..ਮੈਨੂੰ ਘਰ ਵਿੱਚ ਉੱਤਰ ਲੈਣ ਦੇ ਮਾਂ!ਭੁੱਲ ਗਈ ? ਜਦੋਂ ਤੈਨੂੰ ਮੇਰੇ ਵਜੂਦ ਦਾ ਯਕੀਨ ਆਇਆ ਸੀ ਤਾਂ ਤੂੰ ਕਿੰਨੀ ਖੁਸ਼ ਹੋਈ ਸੀ,ਡਾਕਟਰ ਕੋਲ ਗਈ ਸੀ,ਖਾਸ ਖਾਸ ਖੁਰਾਕ ਬਾਰੇ ਪੁੱਛ ਕੇ ਆਈ ਸੀ,ਟਾਨਿਕ ਲਿਖਾ ਕੇ ਲਿਆਈ ਸੀ ਤੇ ਸਭ ਕੁਝ ਆਪਣੇ ਪੇਟ ਤੋਂ ਮੇਰੇ ਪੇਟ ਵਿੱਚ ਭੇਜਦੀ ਰਹੀ ਸੀ।ਸੱਚੀਂ ਮਾਂ!ਮੈਂ ਵੀ ੳਦੋਂ ਕਿੰਨੀ ਖੁਸ਼ ਹੋਈ ਸਾਂ!ਮੈਂ ਤਾਂ ੳਦਣ ਵੀ ਬਹੁਤ ਖੁਸ਼ ਹੋਈ ਸਾਂ ਮਾਂ ਜਦੋਂ ਤੂੰ ਆਪਣੀ ਸਕੈਨਿੰਗ ਕਰਵਾਈ ਸੀ।ਮੈਨੂੰ ਲੱਗਿਆ ਸੀ ਕਿ ਮੇਰੀ ਭੋਲੀ ਅੰਮੜੀ ਮੇਰੀ ਹੋਰ 4-5 ਮਹੀਨਆਂ ਦੀ ਜੁਦਾਈ ਵੀ ਬਰਦਾਸ਼ਤ ਨਹੀਂ ਕਰ ਸਕਦੀ-ਮੇਰੇ ਬਾਰੇ ਜਾਨਣਾ ਚਾਹੁੰਦੀ ਐ-ਕਿੰਨੀ ਚੰਗੀ ਐ!ਪਰ ਇਹ ਕੀ?ਜਿਉਂ ਹੀ ਤੈਨੂੰ ਮੇਰੇ ਧੀ ਹੋਣ ਦਾ ਪਤਾ ਲੱਗਿਆ ਤੂੰ ਕੰਬਣ ਲੱਗ ਪਈ।ਇਹਦੇ ਵਿੱਚ ਏਡੀ ਕੀ ਗੱਲ ਹੋ ਗਈ ਮਾਂ?ਜੇੇ ਪੁੱਤ ਹੁੰਦਾ ਤਾਂ ਤੂੰ ਪਾਲ ਲੈਂਦੀ-ਜੇ ਧੀ ਹੈ ਤਾਂ ਨਹੀਂ।ਨਾ ਮੰਮੀ ਨਾ!ਮੈਂ ਏਡਾ ਨਹੀਂ ਤੇਰੇ'ਤੇ ਬੋਝ ਬਣਨ ਵਾਲੀ।ਇਹ ਜਿਹੜੀ ਦਾਜ ਦੀ ਤੇ ਧੀ ਦੇ ਦੁੱਖ ਦੀ ਟੇਕ ਲੈ ਕੇ ਤੂੰ ਆਪਣੇ ਫੈਸਲੇ ਨੂੰ ਠੀਕ ਸਮਝ ਰਹੀ ਹੈਂ ਨਾ ਮਾਂ!ਇਹ ਤਾਂ ਨਿਰਾ ਧੋਖਾ ਹੀ ਦੇ ਰਹੀ ਹੈਂ ਆਪਣੇ-ਆਪ ਨੂੰ।ਤੈਨੂੰ ਵੀ ਤਾਂ ਪਤੈ ਕਿ ਇਹੋ ਗੱਲ ਨਹੀਂ।ਇਹ ਤਾਂ ਬਿੱਲੀ ਨੂੰ ਦੇਖ ਕੇ ਕਬੂਤਰ ਦੇ ਅੱਖਾਂ ਮੀਚਣ ਵਾਲਾ ਮਾਮਲਾ ਹੈ।ਇਹ ਥੋੜ੍ਹੀ ਐ ਕਿ ਆਪਣੀ ਧੀ ਨੂੰ ਹੀ ਕਤਲ ਕਰ ਦਿਓ!ਕੋਈ ਹੋਰ ਹੱਲ ਸੋਚੋ!ਕਿਉਂ ਨਹੀਂ ਵੀਰ ਦੇ ਵਿਆਹ'ਤੇ ਤੂੰ ਇਹੋ-ਜਿਹੀ ਮਿਸਾਲ ਕਾਇਮ ਕਰਦੀ ਕਿ ਕਿਸੇ ਗਰੀਬ ਦੀ ਧੀ ਦੇ ਖੁਸ਼ੀਆਂ ਦੇ ਕਲ੍ਹੀਰੇ ਬੰਨ੍ਹੇ ਜਾਣ,ਬਿਨਾਂ ਦਾਜ ਤੋਂ ਆਈ ਭਾਬੀ ਦੇ ਬਲਿਹਾਰੇ ਜਾਂਦੀ?ਕਿਉਂ ਨਹੀਂ ਦੂਜੀਆਂ ਆਂਟੀਆਂ ਵੀ ਏਵੇਂ ਕਰਦੀਆਂ? ਆਖਿਰ ਜਿਨ੍ਹਾਂ ਦੇ ਧੀਆਂ ਨੇ,ਪੁੱਤ ਵੀ ਤਾਂ ਉਨ੍ਹਾਂ ਦੇ ਈ ਨੇ? ਇਹ ਕੀ ਹੋਇਆ ਕਿ ਆਪਣੀ ਧੀ ਨੂੰ ਮਾਰ ਦਿਓ ਤੇ ਪੁੱਤ ਲਈ ਮੂੰਹ ਮੰਗਿਆ ਦਾਜ ਲੈ ਆਓ!ਇਹ ਤਾਂ ਮੰਮੀ ਨਿਰਾ ਬਹਾਨਾ ਐ ਬਹਾਨਾ,ਆਪਣੇਆਪ ਨੂੰ ਗੁਨਾਹ ਤੋਂ ਮੁਕਤ ਮਹਿਸੂਸ ਕਰਨ ਦਾ।ਪਰ ਮੰਮੀਏ!ਰੱਬ ਦੀ ਦਰਗਾਹ ਵਿੱਚ ਤਾਂ ਨਹੀਂ ਨਾ ਕੋਈ ਬਹਾਨਾ ਚੱਲਦਾ! ਇਹ ਗੁਨਾਹ ਤਾਂ ਬੱਸ ਦਾਗ ਬਣ ਕੇ ਨਾਲ ਹੀ ਚੁੰਬੜਿਆ ਰਹਿੰਦੈ..
                           ਨਾ ਮੇਰੀ ਮੰਮੀ!ਤੂੰ ਪਾਪਣ ਨਾ ਬਣੀਂ!ਤੂੰ ਹਤਿਆਰੀ ਨਾ ਬਣੀਂ!ਦੇਖ!ਕੁਝ ਹਿੰਮਤ ਤੂੰ ਕਰੇਂਗੀ ਨਾ!ਤੇ ਕੁਝ ਹਿੰਮਤ ਮੈਂ ਕਰੂੰਗੀ ਤਾਂ ਮੈਂ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਜਾਊਂਗੀ।ਤੂੰ ਦੇਖੀਂ!ਫਿਰ ਮੇਰੇ ਹੱਥਾਂ ਉੱਤੇ ਵੀ ਮਹਿੰਦੀ ਚਮਕੂਗੀ..ਮੇਰੀ ਵੀ ਸ਼ਗਨਾਂ ਵਾਲੀ ਡੋਲੀ ਤੁਰੂਗੀ..ਮੈਂ ਵੀ ਤੇਰੇ ਵਿਹੜੇ ਵਿੱਚੋਂ ਚਿੜੀਆਂ ਦਾ ਚੰਬਾ ਬਣ ਕੇ ਉਡੂੰਗੀ।ਤੂੰ ਮੈਨੂੰ ਇੰਜ ਤਾਂ ਨਾ ਉਡਾ!
ਸਿਰਫ ਵਿਆਹ ਹੀ ਨਹੀਂ ਮੰਮੀ! ਇਹ ਵੀ ਕੀ ਪਤੈ ਕਿ ਮੈਂ ਏਡੀਆਂ ਏਡੀਆਂ ਮੱਲਾਂ ਮਾਰਾਂ ਕਿ ਸਾਰੀ ਦੁਨੀਆਂ ਵਿੱਚ ਤੇਰਾ..
ਪਾਪਾ ਦਾ  ..ਸਾਰੇ ਖਾਨਦਾਨ ਦਾ ..ਦੇਸ਼ ਕੌਮ ਦਾ ਨਾਂ ਰੌਸ਼ਨ ਕਰ ਜਾਵਾਂ?
                         ਦੇਖ ਮੰਮੀ!ਮੈਂਨੂੰ ਇਹ ਕੋਸ਼ਿਸ਼ ਕਰ ਲੈਣ ਦੇ! ਮੈਨੂੰ ਵੀ ਜਗਤ-ਤਮਾਸ਼ਾ ਦੇਖ ਲੈਣ ਦੇ! ਮੈਂ ਤੇਰੇ ਪਿਆਰ ਦਾ ਬੀਜ ਆਂ! ਮੈਨੂੰ ਆਪਣੀ ਵੱਖੀ ਦੀ ਡਾਲ'ਤੇ ਫੁੱਲ ਬਣ ਕੇ ਖਿੜ ਲੈਣ ਦੇ ਅੰਮੜੀਏ! ਮੈਨੂੰ ਮਹਿਕ ਬਣ ਕੇ ਖਿੱਲਰ ਲੈਣ ਦੇ ਮਾਂ। ਦੇਖ ਮੈਂ ਤੇਰੇ ਅੱਗੇ ਨਿੱਕੇ ਨਿੱਕੇ ਪਤਾਸਿਆਂ ਵਰਗੇ ਹੱਥ ਬੰਨ੍ਹਦੀ ਆਂ ਪਈ..ਮੈਨੂੰ ਮਹਿਸੂਸ ਕਰ ਮਾਂ! ਮੈਨੂੰ ਬਚਾ ਲੈ ਅੰਮੀਏ !
                        ਹੁਣ ਜਦੋਂ ਪਾਪਾ ਮੈਨੂੰ ਮਾਰਨ ਲਈ ਤੈਨੂੰ ਹਸਪਤਾਲ ਲਿਜਾਣਾ ਚਾਹੁਣ ..ਤਾਂ ਤੂੰ ਅੜ ਜਾਈਂ ਮਾਂ!ਮੇਰਾ ਵਾਸਤਾ ਪਾ ਦਈਂ! ਉਹਨਾਂ ਨੂੰ ਸਮਝਾ ਲਈਂ ਮਾਂ! ਪਰ ਮੈਨੂੰ ਮੌਤ ਦੇ ਖੂਹ ਵਿੱਚ ਸੁਟਵਾਉਣ ਲਈ ਹਸਪਤਾਲ ਨਾ ਜਾਵੀਂ!
   ਤੂੰ ਮੇਰਾ ਨਿੱਕੇ ਨਿੱਕੇ ਸਾਹ ਲੈਂਦਾ ਗਲਾ ਇੰਜ ਨਾ ਘੁਟੀਂ!
                                                      ਨਾ !ਮੰਮੀ ਨਾ! ਮੈਂਨੂੰ ਇੰਜ ਬੇਰਹਿਮੀ ਨਾਲ ਨਾ ਮਾਰੀਂ!
                                                                       ਨਾ! ਮੰਮੀ ਨਾ!
                                                                                      ਨਾ! ਮੰਮੀ ਨਾ!
                                                                                                 ਨਾ! ਮੰਮੀ ਨਾ!
                 ਮੇਰੀ ਮੰਮੀ ਕਿਸੇ ਤਰ੍ਹਾਂ ਇਹ ਖਤ ਪੜ੍ਹ ਲਵੇ..ਬੱਸ ਇਹੋ ਜੋਦੜੀ ਕਰਦੀ ਹੋਈ
                                                                                                   ਤੇਰੀ ਮਸੂਮ ਜਿਹੀ
                                                                                                        ਅਣਜੰਮੀ ਧੀ

' ਨਾ ! ਮੰਮੀ ਨਾ ' (Oh! Mummy No') ਖਤ ਬਾਰੇ

ਇਹ ਖਤ 1988 ਵਿੱਚ ਮੇਰੇ ਤੋਂ ਇੱਕ ਅਣਜੰਮੀ ਬੱਚੀ ਨੇ ੳਦੋਂ ਲਿਖਵਾਇਆ ਜਦੋਂ ਉਹਦੀ ਮਾਂ ਗਰਭਪਾਤ ਲਈ ਮੇਰੇ ਤੋਂ  ਸਲਾਹ ਲੈਣ ਆਈ ਸੀ ਤੇ ਮੈਂ ਉਹਨੂੰ ਸਮਝਾ-ਬੁਝਾ ਕੇ ਵਾਪਿਸ ਘਰ ਭੇਜ ਦਿੱਤਾ ਸੀ, ਪਰ ਉਸ ਰਾਤ ਇਸ ਆਉਣ ਵਾਲੀ ਤਰਾਸਦੀ ਨੇ ਮੇਰੇ ਬੇਚੈਨ ਹੱਥਾਂ ਵਿੱਚ ਕਲਮ ਫੜਾ ਦਿੱਤੀ। 24 ਕੁ ਸਾਲ ਪਹਿਲਾਂ ਜਿਹੜਾ ਨਿੱਕਾ ਜਿਹਾ ਭੱਖੜਾ ਜਾਪਿਆ ਸੀ..ਉਹ ਹੁਣ ਇੱਕ ਵਿਸ਼ਾਲ ਦਰੱਖਤ ਬਣ ਚੁੱਕਿਐ..ਲਹੂ ਪੀਣੇ ਦਰੱਖਤ ਅਫਰੀਕਾ ਦੇ ਜੰਗਲਾਂ ਵਿੱਚ ਸੁਣੀਂਦੇ ਨੇ.. ਆਪਣੇ-ਆਪ ਉੱਗੇ ਹੋਏ..ਅਸੀਂ ਇਹ ਦਰੱਖਤ ਆਪ ਬੀਜਿਐ..ਆਪ ਪਾਲਿਐ..ਜੰਗਲਾਂ ਨੂੰ ਘਰ ਬੁਲਾਇਐ..ਬਹੁਤ ਸਾਰੇ ਦਰੱਖਤ ਦੇਖੇ ਨੇ ਜਿੱਥੇ ਲੋਕਾਂ ਨੇ ਸੁੱਖਾਂ ਸੁੱਖ ਕੇ ਲੀਰਾਂ ਟੰਗੀਆਂ ਹੁੰਦੀਐਂ.. ਅੱਜਕੱਲ੍ਹ ਅਸੀਂ ਪੁੱਤਾਂ ਲਈ ਸੁੱਖ ਸੁੱਖਦੇ ਹਾਂ ..ਅਤੇ ਇਸ ਦਰੱਖਤ ਦੀਆਂ ਸੂਲਦਾਰ ਟਾਹਣੀਆਂ ਉੱਤੇ ਅਸੀਂ ਆਪਣੀਆਂ ਧੀਆਂ ਟੰਗੀਆਂ ਹੋਈਆਂ ਨੇ..

Oh ! Mummy No !

                                                    Place:Cosy womb
                                                                          Date:Beginning of 21st Century
My Dear Mummy,
                          Sweet Kissi!
                                                At the moment I am happy and well and pray to God for your happiness and good health.I said," at the moment",because only yesterday I came to know about the conspiracy to kill me, because you have come to know that I am a little girl.
                                            Oh ! Mummy!I cannot believe it. My mind is in a tizzy..My mummy,who cannot even harm a small insect..how can she bear the pain of sharp instruments on her own daughter 's body?
No!This can never happen? Am I right mummy?Please say for once that the news is false so that my rabbit like trembling heart can heave a sigh of relief.
                                           My mind has been in turmoil even since I came to know of the grim news.My faith was shaken last night, while in bed you were restless,and I was restless too. Papa whispered into your ears to decide finally,"This way we will be saving lakhs of  rupees..not only money we will also be relieved of the tension of bringing up a girl  in these unsecure times"I realised that I am being pushed into a chakravyuh . Oh mummy !I do not know how to break it!I am  very much scared mummy! And I am helpless too! My hands are so small like sugar-batashas that I won't even be able to hold your Dupatta tightly if I find you going towards the death clinic.My arms are so slender and weak like tender stems of mustard plant that I cannot cling to your neck so that you are not able to jettison me.With the medicine injected I will just slip out of your body as a soap-cake slips out of wet hands.Please Mom!Don't do this.My voice is so feeble that my prayers cannot reach my Papa.I can only pray to God that you may please come to know what I am wishing.You can see me in my prayers once you shut your beautiful eyes. Please Mama,look at me once....please grant me this prayer...I am so eager to see this world.Till now I have only felt the comfort of your womb..I want to see the light of your face too.I shall joyfully dance in your courtyard with sweet little music of my payal.I am yet to play with my dolls ..I am yet to play kikkli with my friends.....I am yet to listen stories while sitting in Grandma's lap.Don't snatch my dolls like this.. Don't crush my games this way..I am your living doll mom!..I am requesting you again and again...Don't let the cruel world snatch your doll.You may not buy me new dresses,I shall gladly wear rags rejected by my elder brother.You may not buy me ornaments,I shall borrow from my Didi.But I shall be able to see the great earth..the sun ..stars..flowers and. and......at least.they dont come to an end by sharing...please do not deprive me of all this.
                      If you did not wish to give me birth..why did you open the way of your womb? Why did you lay out a cozy bed for me? If you had denied this opportunity at the first instance,I would have made my nest in some other body or would have  chirped around like a sparrow  or would have flown in the sky like a fairy.Now when you have promised me a body, then don't leave me halfway.
                     Till now you have been sending oxygen, blood and other building material for my body structure.Please don't deny me all these.Now,when my heart has started beating in its own rhythm...my body has become a large city of bones,nerves,blood vessels , muscles...and many dreams travel through this network...your one step ma!your only one step shall drop a bomb on this city.Don't create a Hiroshima inside your ownself.  
                     I am your daughter ma!your love..your princess.Let me come to your house.Have you forgotten the day when you became aware of my presence?How happy you were?You went to the doctor and enquired of diet and tonics..and sent everything to me through blood.I was delighted to get such a good mother.I was delighted even on the day you underwent scanning.I felt how innocent and eager my mother is..she cannot even wait for the full term and wants to know about me immediately.But what happened? No sooner did you become aware of me being a daughter,you trembled with fear and depression?After all what was so tragic about me?If it had been a son,you would have kept him gladly,and if it is a daughter, you have rejected.Have you forgotten that you and Grandma keep fast and worship Kanjakan (Virgins/Devies)touch their feet and seek blessings.Now all of you have decided to get rid off your family's kanjak.Why don't you realise that as many daughters you will kill for a son,the sin of all of them will go to the poor fellow.Then how that innocent one will survive with such a heavy bundle of sins on his head?
                    No my  Mummy!Dont commit a sin like this. If you are supporting your decision on account of the dowry ..then you are simply decieving yourself.It is just like a cat shutting her eyes on the sight of a pigeon.Find some solution to the problem created by your own Society. Why do'nt you resolve to marry your son without a penny in the dowry?Why don't other Aunts do like this?After all who have daughters ,sons also belong to them. But is it fair..killing one's daughter and yearning for a huge dowry through the son?
                Oh mamma!please don't do this..you won't be able to wash off this sense of guilt from your lovely face.Don't become a killer mom!Do have courage to fight with the evils of society.I promise.....God promise
I  won't become a burden on you.If you aredetermined, gather your energies and do some effort...some effort, I will do ...and I shall stand on my own feet through my hardwork.You shall see henna on my hands and shall enjoy the auspicious departure of Doli from your home as a proud mother..I shall fly from your house like a flock of sparrows...do not compell me to fly with torn feathers.Not only marriage I  may make you proud in other fields, may be I become Kalpna Chawla of your world.
                          Mummy!Let me try out.......let me blossom in your life like a rose flower..let me spread in your surroundings like fragrance...and now when Papa comes to take you to the abortion clinic,swear by the ocean of motherhood love. .... make him understand.. but please don't take yourself to the hospital for a murderous visit.Don't take away life from my body even before it can breathe.
Oh !Mummy! No!..........Do not kill me mercilessly.
  .......................Oh !Mummy! No!
....................................Oh !Mummy! No!
                                 My last wish is that my mummy gets to read this prayer of mine.
                                                                                       Yours Tiny,
                                                                                        Unborn daughter.

Original in Punjabi by Dr.Gurminder sidhu
Phone:Mob( Canada):519-476-8427
India-011-91-:9872007658
Translated by her husband Dr.Baldev Singh mob:011-91-9876787626
658 Phase 3-B 1 Mohali-160059(Punjab) Phone 0172-4623658